ਸਮੁੰਦਰੀ ਰਸਤਿਓਂ ਗੁਜਰਾਤ ਆ ਰਹੇ 9 ਇਰਾਨੀ ਨਾਗਰਿਕ ਗ੍ਰਿਫ਼ਤਾਰ, 500 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫੜੇ ਜਾਣ ਦਾ ਅਹਿਸਾਸ ਹੁੰਦਿਆਂ ਹੀ ਤਸਕਰਾਂ ਨੇ ਕਿਸ਼ਤੀ ਨੂੰ ਅੱਗ ਦੇ ਹਵਾਲੇ ਕੀਤਾ

Crew of the boat had set the boat ablaze to destroy evidence

ਅਹਿਮਦਾਬਾਦ : ਭਾਰਤੀ ਕੋਸਟ ਗਾਰਡ ਅਤੇ ਏ.ਟੀ.ਐਸ. ਅਧਿਕਾਰੀਆਂ ਨੇ ਨਸ਼ਾ ਤਸਕਰੀ ਦੇ ਦੋਸ਼ 'ਚ 9 ਇਰਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਤਸਕਰ ਸਮੁੰਦਰ ਦੇ ਰਸਤੇ ਤੋਂ ਭਾਰਤ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਸਬੂਤ ਮਿਟਾਉਣ ਲਈ ਤਸਕਰਾਂ ਨੇ ਕਿਸ਼ਤੀ ਨੂੰ ਅੱਗ ਲਗਾ ਦਿੱਤੀ ਪਰ ਕੋਸਟ ਗਾਰਡ ਨੇ ਕਿਸ਼ਤੀ ਦੇ ਪੂਰੀ ਤਰ੍ਹਾਂ ਸੜਨ ਤੋਂ ਪਹਿਲਾਂ ਲਗਭਗ 100 ਕਿਲੋ ਹੈਰੋਇਨ ਆਪਣੇ ਕਬਜ਼ੇ 'ਚ ਲੈ ਲਈ। 

ਜਾਣਕਾਰੀ ਮੁਤਾਬਕ ਇਰਾਨੀ ਤਸਕਰ ਪਾਕਿਸਤਾਨ ਦੇ ਗਵਾਦਰ ਪੋਰਟ ਤੋਂ ਹੈਰੋਇਨ ਲੈ ਕੇ ਗੁਜਰਾਤ ਪੋਰਟ 'ਤੇ ਆ ਰਹੇ ਸਨ। ਹੈਰੋਇਨ ਦੀ ਖੇਪ ਉਨ੍ਹਾਂ ਨੂੰ ਪਾਕਿਸਤਾਨੀ ਨਾਗਰਿਕ ਹਮੀਦ ਮਲਿਕ ਤੋਂ ਮਿਲੀ ਸੀ। ਗੁਜਰਾਤ ਪੋਰਟ ਤੋਂ ਇਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭੇਜਿਆ ਜਾਣਾ ਸੀ। ਤਸਕਰੀ ਦੀ ਸੂਚਨਾ ਪਹਿਲਾਂ ਏ.ਟੀ.ਐਸ. ਨੂੰ ਮਿਲੀ ਸੀ। ਇਸ ਤੋਂ ਬਾਅਦ ਕੋਸਟ ਗਾਰਡ ਨਾਲ ਸੰਯੁਕਤ ਟੀਮ ਬਣਾ ਕੇ ਗੁਜਰਾਤ ਪੋਰਟ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਫੜੇ ਜਾਣ ਦਾ ਅਹਿਸਾਸ ਹੁੰਦਿਆਂ ਹੀ ਤਸਕਰਾਂ ਨੇ ਕਿਸ਼ਤੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

 


 

ਤਸਕਰੀ 'ਚ ਇਕ ਭਾਰਤੀ ਵੀ ਸ਼ਾਮਲ ਹੈ। ਉਸ ਦੀ ਪਛਾਣ ਹਾਲੇ ਤਕ ਨਹੀਂ ਹੋਈ ਹੈ। ਇਰਾਨੀ ਨਾਗਰਿਕਾਂ ਨੇ ਏ.ਟੀ.ਐਸ. ਅਤੇ ਕੋਸਟ ਗਾਰਡ  ਨੂੰ ਦੱਸਿਆ ਕਿ ਨਸ਼ੀਲੇ ਪਦਾਰਥ ਨੂੰ ਅੱਗੇ ਸਪਲਾਈ ਕਰਨ ਦਾ ਜਿੰਮਾ ਭਾਰਤੀ ਨਾਗਰਿਕ ਨੂੰ ਦਿੱਤਾ ਗਿਆ ਸੀ।