ਭਾਰਤ ਪੁਲਾੜ 'ਚ ਬਣਿਆ ਮਹਾਂਸ਼ਕਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿਜ਼ 3 ਮਿੰਟ 'ਚ ਪੁਲਾੜ 'ਚ ਮੰਡਰਾਉਂਦੇ ਉਪਗ੍ਰਹਿ ਨੂੰ ਫੁੰਡਿਆ

India successfully tests anti-satellite technology

ਨਵੀਂ ਦਿੱਲੀ : ਪਿਛਲੇ ਲੰਮੇ ਸਮੇਂ ਤੋਂ ਭਾਰਤ ਮਹਾਂ ਸ਼ਕਤੀ ਬਣਨ ਵਲ ਪੈਰ ਵਧਾ ਰਿਹਾ ਸੀ। ਦੇਸ਼ ਨੇ ਪ੍ਰਮਾਣੂ ਬੰਬਾਂ ਤੋਂ ਲੈ ਕੇ ਫ਼ੌਜ ਦੇ ਆਧੁਨਿਕੀਕਰਨ ਕਰਨ 'ਚ ਕਾਫ਼ੀ ਤਰੱਕੀ ਕਰ ਲਈ ਹੈ। ਧਰਤੀ ਤੋਂ ਧਰਤੀ 'ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਸਮੇਤ ਅਨੇਕਾਂ ਪ੍ਰਕਾਰ ਦੀਆਂ ਐਂਟੀ ਬਲਾਸਟਿਕ ਵਰਗੀਆਂ ਮਿਜ਼ਾਈਲਾਂ ਇਜ਼ਾਦ ਕਰ ਕੇ ਭਾਰਤ ਨੇ ਦੁਨੀਆਂ ਨੂੰ ਦੰਗ ਕਰ ਦਿਤਾ। ਪਰ ਅੱਜ ਦੇਸ਼ ਦੇ ਮਿਸ਼ਨ ਸ਼ਕਤੀ ਦਾ ਤਹਿਤ ਪੁਲਾੜ 'ਚ ਵੀ ਅਪਣੇ ਆਪ ਨੂੰ ਮਹਾਂਸ਼ਕਤੀ ਬਣਾ ਲਿਆ ਹੈ। ਅੱਜ ਇਸ ਮਿਸ਼ਨ ਤਹਿਤ ਡੀਆਰਡੀਓ ਨੇ ਪੁਲਾੜ ਵਿਚ 300 ਕਿਲੋਮੀਟਰ ਦੂਰ ਲੋ ਆਰਬਿਟ ਸੈਟੇਲਾਈਟ ਨੂੰ ਮਹਿਜ਼ 3 ਮਿੰਟ ਦੇ ਅੰਦਰ ਫੁੰਡ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਇਸ ਉਪਲਬਧੀ ਤੋਂ ਬਾਅਦ ਭਾਰਤ ਨੇ ਖ਼ੁਦ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾ ਸ਼ਕਤੀਆਂ ਨਾਲ ਖੜ੍ਹਾ ਕਰ ਲਿਆ ਹੈ। ਇਹ ਪ੍ਰੀਖਣ ਅੱਜ ਸਵੇਰੇ 11:16 ਵਜੇ ਕੀਤਾ ਗਿਆ।

ਸਿੱਧੇ ਸ਼ਬਦਾਂ 'ਚ ਇਸ ਨੂੰ ਸਮਝਣ ਲਈ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਨੇ ਹੁਣ ਪੁਲਾੜ ਵਿਚ ਮੰਡਰਾਉਂਦੇ ਕਿਸੇ ਵੀ ਸੈਟੇਲਾਈਟ ਨੂੰ ਸੁੱਟਣ ਦੀ ਸਮਰਥਾ ਹਾਸਲ ਕਰ ਲਈ ਹੈ। ਹੁਣ ਤਕ ਅਮਰੀਕਾ, ਰੂਸ ਅਤੇ ਚੀਨ ਹੀ ਅਜਿਹਾ ਕਰ ਸਕੇ ਹਨ। ਇਥੋਂ ਤਕ ਕਿ ਇਜ਼ਰਾਈਲ ਕੋਲ ਵੀ ਇਹ ਤਕਨੀਕ ਨਹੀਂ ਹੈ। ਇਹ ਰੱਖਿਆ ਦੇ ਲਿਹਾਜ਼ ਤੋਂ ਬੇਹੱਦ ਅਹਿਮ ਹੈ। ਭਾਰਤ ਹੁਣ ਜ਼ਰੂਰਤ ਪੈਣ _ਤੇ ਦੁਸ਼ਮਣ ਦੇਸ਼ ਦਾ ਪੂਰਾ ਦੂਰਸੰਚਾਰ ਨੈੱਟਵਰਕ ਤਬਾਹ ਕਰ ਸਕਦਾ ਹੈ। ਅਪਣੇ ਇਸ ਪਹਿਲੇ ਕਦਮ ਤੋਂ ਬਾਅਦ  ਭਾਰਤ ਦਾ ਅਗਲਾ ਕਦਮ ਇਸ ਤਰ੍ਹਾਂ ਦੇ ਸੈਟੇਲਾਈਟ ਨੂੰ ਤਬਾਹ ਕਰਨ ਦੀ ਤਾਕਤ ਹਾਸਲ ਕਰਨਾ ਹੋਵੇਗਾ। ਜੇਕਰ ਭਾਰਤ ਅਜਿਹਾ ਕਰ ਪਾਉਂਦਾ ਹੈ ਤਾਂ ਕਿਸੇ ਵੀ ਦੇਸ਼ ਨੂੰ ਬਿਨਾਂ ਲੜੇ ਜਾਂ ਬਗ਼ੈਰ ਖ਼ੂਨ ਦੀ ਇਕ ਬੂੰਦ ਵਹਾਏ ਗੋਡੇ ਟੇਕਣ 'ਤੇ ਮਜਬੂਰ ਕੀਤਾ ਜਾ ਸਕਦਾ ਹੈ। (ਏਜੰਸੀ)

ਐਂਟੀ ਸੈਟੇਲਾਈਟ ਮਿਜ਼ਾਈਲ ਦਾ ਇਤਿਹਾਸ : ਅਮਰੀਕਾ ਨੇ 20ਵੀਂ ਸਦੀ ਦੀ ਸ਼ੁਰੂਆਤ 'ਚ ਐਂਟੀ ਸੈਟੇਲਾਈਟ ਮਿਜ਼ਾਈਲ ਇਜ਼ਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਮਯਾਬੀ 1985 'ਚ ਮਿਲੀ ਤੇ ਇਸ ਤੋਂ ਅਮਰੀਕਾ ਦੇ ਵਿਰੋਧੀ ਰੂਸ ਨੇ ਇਸ ਸਬੰਧੀ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਤੇ ਉਹ ਵੀ ਐਂਟੀ ਸੈਟੇਲਾਈਟ ਮਿਜ਼ਾਈਲਾਂ ਬਣਾਉਣ 'ਚ ਕਾਮਯਾਬ ਹੋ ਗਿਆ। ਚੀਨ ਨੇ 11 ਜਨਵਰੀ 2007 ਨੂੰ ਸ਼ਾਮ 5.28 ਵਜੇ ਐਕਸਪੈਰੀਮੈਂਟ ਦੇ ਤੌਰ 'ਤੇ ਸੱਭ ਤੋਂ ਪਹਿਲਾਂ ਅਪਣੇ ਇਕ ਮੌਸਮ ਸੈਟੇਲਾਈਟ ਨੂੰ ਮਾਰ ਮੁਕਾਇਆ ਸੀ। ਪਿਛਲੇ ਕੁੱਝ ਸਾਲਾਂ ਤੋਂ ਭਾਰਤ ਵੀ ਇਸੇ ਮਿਸ਼ਨ 'ਤੇ ਲੱਗਾ ਹੋਇਆ ਸੀ ਜਿਸ ਨੂੰ ਅੱਜ ਇਹ ਪ੍ਰਾਪਤੀ ਹੋਈ ਹੈ। ਖ਼ਾਸ ਗੱਲ ਇਹ ਹੈ ਕਿ ਭਾਰਤ ਨੇ ਇਹ ਤਕਨੀਕ ਦੇਸ਼ ਦੇ ਅੰਦਰ ਹੀ ਵਿਕਸਿਤ ਕੀਤੀ ਹੈ।