ਸਿੱਧੂ ਨੇ ਮੋਦੀ 'ਤੇ ਸਾਧਿਆ ਨਿਸ਼ਾਨਾ - 'ਸਹੀ ਮੁੱਦਿਆਂ ਤੋਂ ਨਾ ਭਟਕਾਓ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਜਨਤਾ ਨੂੰ ਆਸਮਾਨ ਵਿਚ ਨਾ ਘੁਮਾਓ, ਜ਼ਮੀਨ ਉੱਤੇ ਹੀ ਰਹਿਣ ਦਿਓ

Navjot Singh Sidhu

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਪੁਲਾੜ 'ਚ ਭਾਰਤ ਦੀ ਇਤਿਹਾਸਕ ਪ੍ਰਾਪਤੀ ਦੀ ਜਾਣਕਾਰੀ ਦਿੱਤੀ। ਆਪ੍ਰੇਸ਼ਨ ਮਿਸ਼ਨ ਸ਼ਕਤੀ ਤਹਿਤ ਲੋ ਅਰਥ ਆਰਬਿਟ 'ਚ ਇਕ ਸੈਟੇਲਾਈਟ ਨੂੰ ਮਾਰ ਸੁੱਟਿਆ ਹੈ। ਮੋਦੀ ਦੇ ਇਸ ਐਲਾਨ ਮਗਰੋਂ ਵਿਰੋਧੀ ਧਿਰਾਂ ਨੇ ਉਨ੍ਹਾਂ ਨੂੰ ਘੇਰਦਿਆਂ ਤਿੱਖੇ ਹਮਲੇ ਕੀਤੇ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਨਤਾ ਨੂੰ ਆਸਮਾਨ ਵਿਚ ਨਾ ਘੁਮਾਓ, ਜ਼ਮੀਨ ਉੱਤੇ ਹੀ ਰਹਿਣ ਦਿਓ ਅਤੇ ਮੁੱਦਿਆਂ ਦੀ ਗੱਲ ਕਰੋ।

ਪ੍ਰਧਾਨ ਮੰਤਰੀ ਮੋਦੀ ਨੇ ਦਾਅਵਾ ਕੀਤਾ ਸੀ ਕਿ ਸਾਡੇ ਵਿਗਿਆਨੀਆਂ ਨੇ ਸਪੇਸ 'ਚ 300 ਕਿਲੋਮੀਟਰ ਦੂਰ ਐਲਈਓ (ਲੋ ਫਾਈਨੈਂਸ ਔਰਬਿਟ) 'ਚ ਲਾਈਵ ਸੈਟੇਲਾਈਟ ਨੂੰ ਸੁੱਟਿਆ ਹੈ। ਮੋਦੀ ਨੇ ਇਸ ਨੂੰ ਵੱਡੀ ਪ੍ਰਾਪਤੀ ਵਜੋਂ ਪ੍ਰਚਾਰਿਆ।

ਇਸ ਤੋਂ ਬਾਅਦ ਸਿੱਧੂ ਨੇ ਟਵੀਟ ਕਰ ਕੇ ਆਖਿਆ ਕਿ ਚੋਣਾਂ ਸਿਰ ਉੱਤੇ ਹਨ ਅਤੇ ਭਾਜਪਾ ਦਾ ਕੋਈ ਵੀ ਆਗੂ ਵਿਕਾਸ ਤੇ ਮੁੱਦਿਆਂ ਦੀ ਗੱਲ ਨਹੀਂ ਕਰ ਰਿਹਾ। ਉਨ੍ਹਾਂ ਲਿਖਿਆ, "ਲੋਕਾਂ ਨੂੰ ਸਪੇਸ ਉੱਤੇ ਨਾ ਘੁਮਾਓ, ਜ਼ਮੀਨ ਤੇ ਵਾਪਸ ਲਿਆਓ, ਸਹੀ ਮੁੱਦਿਆਂ ਤੋਂ ਨਾ ਭਟਕਾਓ।"

ਸਿੱਧੂ ਨੇ ਮੋਦੀ ਦੇ ਸਾਲ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕੀਤੇ ਗਏ ਟਵੀਟ ਨੂੰ ਲੈ ਕੇ ਵੀ ਹਮਲਾ ਕੀਤਾ ਹੈ। 2014 'ਚ ਲੋਕ ਸਭਾ ਚੋਣਾਂ ਵਿਚ ਮੋਦੀ ਨੇ ਟਵੀਟ ਕੀਤਾ ਸੀ ਕਿ ਲੋਕ ਸਭਾ ਚੋਣਾਂ ਸਿਰ ਉੱਤੇ ਹਨ ਪਰ ਕੋਈ ਵੀ ਕਾਂਗਰਸੀ ਆਗੂ ਵਿਕਾਸ ਦੇ ਮੁੱਦਿਆਂ ਉੱਤੇ ਗੱਲ ਨਹੀਂ ਕਰ ਰਿਹਾ ਹੈ।