ਲੋਕ ਸਭਾ ਚੋਣਾਂ ਲਈ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਨੇ ਸਿੱਧੂ ਨੂੰ ਆਪਣਾ ਸਟਾਰ ਪ੍ਰਚਾਰਕ ਬਣਾਇਆ

Navjot Singh Sidhu

ਚੰਡੀਗੜ੍ਹ : ਕੁਝ ਮਹੀਨਿਆਂ ਪਹਿਲਾਂ ਦੇਸ਼ ਦੇ ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੇ 3 ਸੂਬਿਆਂ 'ਚ ਜਿੱਤ ਪ੍ਰਾਪਤ ਕੀਤੀ ਸੀ। ਉਦੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਟਾਰ ਪ੍ਰਚਾਰਕ ਸਨ। ਐਤਕੀਂ ਲੋਕ ਸਭਾ ਚੋਣਾਂ ਦੌਰਾਨ ਵੀ ਸਿੱਧੂ ਨੂੰ ਪਾਰਟੀ ਨੇ ਆਪਣਾ ਸਟਾਰ ਪ੍ਰਚਾਰਕ ਬਣਾਇਆ ਹੈ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਕੀਤਾ।

ਆਸ਼ਾ ਕੁਮਾਰੀ ਨੇ ਦੱਸਿਆ ਕਿ ਸਿੱਧੂ ਪੂਰੇ ਦੇਸ਼ 'ਚ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਵਿੱਚੋਂ ਇੱਕ ਹਨ। ਉਨ੍ਹਾਂ ਕੋਲ ਲੋਕਾਂ ਨਾਲ ਜੁੜਨ ਦਾ ਵੱਲ ਹੈ ਅਤੇ ਪ੍ਰਚਾਰ ਮੁਹਿੰਮ ਵੀ ਚੰਗੀ ਚਲਾਉਂਦੇ ਹਨ। ਪਿਛਲੇ ਸਾਲ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਵੀ ਨਵਜੋਤ ਸਿੱਧੂ ਨੇ ਅਹਿਮ ਭੂਮਿਕਾ ਨਿਭਾਈ ਸੀ। ਸਿੱਧੂ ਦੀ ਕਾਬਲੀਅਤ ਕਰ ਕੇ ਹੁਣ ਕਾਂਗਰਸ ਉਨ੍ਹਾਂ ਨੂੰ ਫਿਰ ਤੋਂ ਅੱਗੇ ਲਿਆ ਰਹੀ ਹੈ।

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਵੱਲੋਂ ਕੀਤੇ ਗਏ ਪ੍ਰਚਾਰ ਸਦਕਾ ਕਾਂਗਰਸ ਨੇ ਉਨ੍ਹਾਂ-ਉਨ੍ਹਾਂ ਥਾਵਾਂ 'ਤੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਸੀ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚੋਣ ਪ੍ਰਚਾਰ ਕੀਤਾ ਸੀ। ਤਿੰਨ ਸੂਬਿਆਂ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਪਾਰਟੀ ਵੱਲੋਂ ਦਿੱਲੀ ਅੰਦਰ ਜਿਹੜਾ ਪੱਤਰਕਾਰ ਸੰਮੇਲਨ ਕੀਤਾ ਗਿਆ ਸੀ, ਉਸ 'ਚ ਰਾਹੁਲ ਗਾਂਧੀ ਨੇ ਸਿੱਧੂ ਨੂੰ ਆਪਣੇ ਨਾਲ ਬਿਠਾ ਕੇ ਪੂਰਾ ਸਨਮਾਨ ਦਿੱਤਾ ਸੀ।