ਸਾਨੂੰ DRDO ਦੇ ਕੰਮ 'ਤੇ ਮਾਣ ਹੈ ਅਤੇ ਮੋਦੀ ਨੂੰ ਵਿਸ਼ਵ ਰੰਗਮੰਚ ਦਿਵਸ ਦੀ ਵਧਾਈ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਖਿਲੇਸ਼ ਯਾਦਵ, ਮਮਤਾ ਬੈਨਰਜੀ ਅਤੇ ਰਣਦੀਪ ਸੁਰਜੇਵਾਲਾ ਨੇ ਵੀ ਨਰਿੰਦਰ ਮੋਦੀ 'ਤੇ ਵਿਅੰਗ ਕੱਸਦਿਆਂ ਟਵੀਟ ਕੀਤੇ

Rahul Gandhi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਭਾਰਤ ਨੇ ਪੁਲਾੜ 'ਚ ਐਂਟੀ ਸੈਟੇਲਾਈਟ ਮਿਜ਼ਾਈਲ ਨਾਲ ਇਕ ਲਾਈਵ ਸੈਟੇਲਾਈਟ ਨੂੰ ਤਬਾਹ ਕਰ ਕੇ ਅੱਜ ਆਪਣਾ ਨਾਂ ਪੁਲਾੜ ਮਹਾ ਸ਼ਕਤੀ ਵਜੋਂ ਦਰਜ ਕਰਵਾਇਆ ਅਤੇ ਅਜਿਹੀ ਸਮਰੱਥਾ ਹਾਸਲ ਕਰਨ ਵਾਲਾ ਦੁਨੀਆਂ ਦਾ ਚੌਥਾ ਦੇਸ਼ ਬਣ ਗਿਆ ਹੈ। ਪ੍ਰਧਾਨ ਮੰਤਰੀ ਦੇ ਸੰਬੋਧਨ ਮਗਰੋਂ 'ਮਿਸ਼ਨ ਸ਼ਕਤੀ' 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਤੋਂ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੇ ਮੋਦੀ 'ਤੇ ਸ਼ਬਦੀ ਹਮਲੇ ਸ਼ੁਰੂ ਕਰ ਦਿੱਤੇ ਹਨ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, "'DRDO ਬਹੁਤ ਵਧੀਆ, ਤੁਸੀਂ ਇਹ ਪ੍ਰਯੋਗ ਬਹੁਤ ਚੰਗੇ ਤਰੀਕੇ ਨਾਲ ਕੀਤਾ, ਤੁਹਾਡੇ ਕੰਮ 'ਤੇ ਮਾਣ ਹੈ। ਮੈਂ ਪ੍ਰਧਾਨ ਮੰਤਰੀ ਨੂੰ ਵਿਸ਼ਵ ਰੰਗਮੰਚ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।"

ਰਾਹੁਲ ਗਾਂਧੀ ਦੇ ਨਾਲ ਹੀ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਨਰਿੰਦਰ ਮੋਦੀ 'ਤੇ ਵਿਅੰਗ ਕੱਸਦਿਆਂ ਟਵੀਟ ਕੀਤਾ, "ਮੋਦੀ ਇਕ ਘੰਟੇ ਤਕ ਟੀ.ਵੀ. 'ਤੇ ਰਹੇ ਅਤੇ ਉਨ੍ਹਾਂ ਨੇ ਦੇਸ਼ ਦਾ ਧਿਆਨ ਜ਼ਮੀਨੀ ਮੁੱਦਿਆਂ ਤੋਂ ਹਟਾਇਆ ਹੈ। ਪੇਂਡੂ ਭਾਰਤ, ਰੁਜ਼ਗਾਰ ਅਤੇ ਮਹਿਲਾ ਸੁਰੱਖਿਆ ਦੀ ਬਜਾਏ ਪ੍ਰਧਾਨ ਮੰਤਰੀ ਆਸਮਾਨ ਵੱਲ ਵੇਖ ਰਹੇ ਹਨ। ਡੀਆਰਡੀਓ ਅਤੇ ਇਸਰੋ ਨੂੰ ਵਧਾਈ, ਇਹ ਤੁਹਾਡੀ ਸਫ਼ਲਤਾ ਹੈ। ਭਾਰਤ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਧੰਨਵਾਦ।"

ਤ੍ਰਿਣਮੂਲ ਸੁਪਰੀਮੋ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਮੋਦੀ 'ਤੇ ਹਮਲਾ ਬੋਲਿਆ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਭਾਰਤ ਦਾ ਮਿਸ਼ਨ ਪ੍ਰੋਗਰਾਮ ਕਈ ਵਰ੍ਹਿਆਂ ਤੋਂ ਵਿਸ਼ਵ ਪੱਧਰੀ ਹੈ। ਸਾਨੂੰ ਆਪਣੇ ਵਿਗਿਆਨੀਆਂ, ਡੀਆਰਡੀਓ, ਹੋਰ ਖੋਜ ਕੇਂਦਰਾਂ ਅਤੇ ਪੁਲਾੜ ਸੰਗਠਨਾਂ 'ਤੇ ਹਮੇਸ਼ਾ ਮਾਣ ਰਹੇਗਾ। ਪੀਐਮ ਮੋਦੀ ਵੱਲੋਂ ਅੱਜ ਦਾ ਐਲਾਨ ਇਕ ਹੋਰ ਨਾਟਕ ਹੈ ਅਤੇ ਮੋਦੀ ਵੱਲੋਂ ਚੋਣਾਂ ਵੇਲੇ ਸਿਆਸੀ ਲਾਹਾਂ ਲੈਣ ਦੀ ਪੂਰੀ ਕੋਸ਼ਿਸ਼ ਹੈ। ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ। ਆਪਣੀ ਐਕਸਪਾਇਰੀ ਡੇਟ ਤੋਂ ਪਹਿਲਾਂ ਇਸ ਮਿਸ਼ਨ ਅਤੇ ਇਸ ਦਾ ਐਲਾਨ ਕਰਨ ਦੀ ਕੋਈ ਜਲਦਬਾਜ਼ੀ ਨਹੀਂ ਸੀ।"

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, "ਮਿਸ਼ਨ ਸ਼ਕਤੀ ਦੀ ਸਫ਼ਲਤਾ ਲਈ ਡੀਆਰਡੀਓ ਨੂੰ ਵਧਾਈ। ਇਸ ਦੀ ਬੁਨਿਆਦ ਯੂਪੀਏ ਸਰਕਾਰ ਦੌਰਾਨ 2012 'ਚ ਪਈ ਸੀ। ਪੰਡਤ ਜਵਾਹਰਲਾਲ ਨਹਿਰੂ ਅਤੇ ਵਿਕਰਮ ਸਾਰਾਭਾਈ ਕਾਰਨ ਭਾਰਤ ਪੁਲਾੜ ਖੇਤਰ 'ਚ ਮੋਹਰੀ ਰਿਹਾ ਹੈ। ਇਹ ਭਾਰਤ ਲਈ ਮਾਣ ਵਾਲੀ ਗੱਲ ਹੈ।"