ਅਨਿਲ ਅੰਬਾਨੀ ਦੇ ਚੌਕੀਦਾਰ ਹਨ ਪ੍ਰਧਾਨ ਮੰਤਰੀ ਮੋਦੀ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਪਿਛਲੇ 5 ਸਾਲਾਂ 'ਚ ਗਰੀਬ ਸਿਰਫ਼ ਗਰੀਬ ਹੋਇਆ

Rahul Gandhi

ਨਵੀਂ ਦਿੱਲੀ : ਲੋਕ ਸਭਾ ਚੋਣਾਂ 'ਚ ਪਾਰਟੀ ਦੇ ਪ੍ਰਚਾਰ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੰਗਲਵਾਰ ਨੂੰ ਰਾਜਸਥਾਨ ਪੁੱਜੇ। ਇੱਥੇ ਸੂਰਤਗੜ੍ਹ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਵਾਰ ਚੋਣਾਂ 'ਚ ਦੋ ਵਿਚਾਰਧਾਰਾਵਾਂ ਦੀ ਲੜਾਈ ਹੈ। ਇਕ ਪਾਸੇ ਦੇਸ਼ ਵੰਢਣ ਦੀ ਵਿਚਾਰਧਾਰਾ ਹੈ ਅਤੇ ਦੂਜੇ ਪਾਸੇ ਭਾਈਚਾਰਾ, ਪਿਆਰ ਅਤੇ ਲੋਕਾਂ ਨੂੰ ਜੋੜਨ ਦੀ ਵਿਚਾਰਧਾਰਾ ਹੈ। ਪਿਛਲੇ 5 ਸਾਲ 'ਚ ਮੋਦੀ ਨੇ ਦੋ ਹਿੰਦੋਸਤਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਪ੍ਰਾਈਵੇਟ ਹਵਾਈ ਜਹਾਜ਼ ਵਾਲਿਆਂ ਦਾ ਅਤੇ ਦੂਜਾ ਗਰੀਬਾਂ, ਕਿਸਾਨਾਂ ਤੇ ਬੇਰੁਜ਼ਗਾਰ ਨੌਜਵਾਨਾਂ ਦਾ।

ਇਸ ਮਗਰੋਂ ਸ੍ਰੀਗੰਗਾਨਗਰ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਚੌਕੀਦਾਰ ਹਨ, ਪਰ ਆਮ ਲੋਕਾਂ ਦੇ ਨਹੀਂ ਸਗੋਂ ਅਨਿਲ ਅੰਬਾਨੀ ਦੇ ਚੌਕੀਦਾਰ ਹਨ। ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਾਰੋਬਾਰੀਆਂ ਦਾ ਲਗਭਗ 3 ਲੱਖ ਕਰੋੜ ਰੁਪਇਆ ਮਾਫ਼ ਕਰ ਦਿੱਤਾ। ਪਿਛਲੇ 5 ਸਾਲਾਂ 'ਚ ਗਰੀਬ ਸਿਰਫ਼ ਗਰੀਬ ਹੋਇਆ ਹੈ। 

ਰਾਹੁਲ ਗਾਂਧੀ ਨੇ ਕਿਹਾ ਕਿ ਜੇ ਵਿਰੋਧੀ ਪਾਰਟੀਆਂ ਮੋਦੀ ਸਰਕਾਰ ਨੂੰ ਸਵਾਲ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਦੇਸ਼ ਧ੍ਰੋਹੀ ਕਰਾਰ ਦੇ ਦਿੱਤਾ ਜਾਂਦਾ ਹੈ। ਮੋਦੀ ਸਿਰਫ਼ ਝੂਠੇ ਵਾਅਦੇ ਕਰਦੇ ਹਨ। ਅੱਜ ਤਕ ਨਾ ਕਿਸੇ ਦੇ ਖ਼ਾਤੇ 'ਚ 15 ਲੱਖ ਰੁਪਏ ਆਏ ਅਤੇ ਨਾ ਹੀ 2 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲਿਆ।