ਅਮੀਰਾਂ ਦੇ ਧਨ ਦੀ ਰਖਵਾਲੀ ਕਰਦੇ ਹਨ ਮੋਦੀ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ''ਮੈਂ ਵੀ ਚੌਕੀਦਾਰ'' ਮੁਹਿੰਮ 'ਤੇ ਚੁੱਕੇ ਸਵਾਲ

Rahul Gandh

ਪੂਰਣੀਆ :  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ''ਚੌਕੀਦਾਰ ਚੋਰ ਹੈ'' ਦੇ ਅਪਣੇ ਨਾਹਰੇ ਦੇ ਜਵਾਬ ਵਿਚ ਭਾਜਪਾ ਵਲੋਂ ਸ਼ੁਰੂ ਕੀਤੇ ਗਏ ''ਮੈਂ ਵੀ ਚੌਕੀਦਾਰ'' ਮੁਹਿੰਮ ਸਬੰਧੀ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਗਾਇਆ ਅਤੇ ਉਨ੍ਹਾਂ 'ਤੇ ''ਅਮੀਰਾਂ ਦੇ ਧਨ ਦੀ ਰਖਵਾਲੀ ਕਰਨ ਵਾਲਾ ਚੌਕੀਦਾਰ'' ਹੋਣ ਦਾ ਦੋਸ਼ ਲਗਾਇਆ।

ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਬਿਹਾਰ ਦੇ ਪੂਰਣੀਆ ਜ਼ਿਲ੍ਹੇ ਦੇ ਰੰਗਭੂਮੀ ਮੈਦਾਨ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਭੀੜ ਵਲੋਂ ''ਚੌਕੀਦਾਰ ਚੋਰ ਹੈ'' ਦੇ ਨਾਹਰੇ ਲਗਾਏ ਜਾਣ ਦੌਰਾਨ ਕਿਹਾ, ''ਲੋਕ ਅਪਣੇ ਘਰਾਂ ਦੇ ਬਾਹਰ ਕਿਵੇਂ ਚੌਕੀਦਾਰ ਨਿਯੁਕਤ ਕਰਦੇ ਹਨ। ਕੀ ਤੁਸੀਂ ਕਿਸੇ ਚੌਕੀਦਾਰ ਨੂੰ ਕਿਸੇ ਆਮ ਆਦਮੀ ਦੇ ਘਰ ਦੇ ਦਰਵਾਜ਼ੇ 'ਤੇ ਤੈਨਾਤ ਵੇਖਿਆ ਹੈ?''

ਰਾਹੁਲ ਨੇ ਦੋਸ਼ ਲਗਾਇਆ ਕਿ ਮੋਦੀ ਨੇ ਅਨਿਲ ਅੰਬਾਨੀ, ਨੀਰਵ ਮੋਦੀ, ਮੇਹੁਲ ਚੌਕਸੀ ਅਤੇ ਹੋਰ ਲੋਕਾਂ ਨੂੰ ''ਭਰਾ'' ਮੰਨਿਆ ਅਤੇ ਇਹ ਕਹਿ ਕੇ ਸੰਬੋਧਨ ਵੀ ਕੀਤਾ, ਜਦਕਿ ਉਹ ਆਮ ਲੋਕਾਂ ਨੂੰ ਸਿਰਫ਼ ''ਮਿਤਰ'' ਕਹਿ ਕੇ ਬੁਲਾਂਉਦੇ ਹਨ। ਉਨ੍ਹਾਂ ਮੋਦੀ 'ਤੇ ਹਮਲਾ ਕਰਦਿਆਂ ਕਿਹਾ, ''ਉਨ੍ਹਾਂ ਨੇ ਸਾਰੇ ਗ਼ਰੀਬਾਂ ਦੇ ਖ਼ਾਤਿਆਂ ਵਿਚ 15 ਲੱਖ ਰੁਪਏ, ਪੰਜ ਸਾਲ ਵਿਚ ਦੋ ਕਰੋੜ ਨੌਕਰੀਆਂ ਅਤੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਦਾ ਵਾਅਦਾ ਕੀਤਾ ਸੀ। ਕੀ ਉਨ੍ਹਾਂ ਕਦੇ ਤੁਹਾਨੂੰ ਦਸਿਆ  ਕਿ ਉਹ ਅਪਣੇ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫ਼ਲ ਕਿਉਂ ਰਹੇ? ਕੀ ਉਨ੍ਹਾਂ ਕਿਸਾਨਾਂ, ਕਰਜ਼ਦਾਰਾਂ ਅਤੇ ਨੌਜੁਆਨਾਂ ਦੇ ਹਿਤ ਲਈ ਕੁਝ ਕੀਤਾ?''

ਰਾਹੁਲ ਨੇ ਇਹ ਵੀ ਕਿਹਾ ਕਿ ਜੇਕਰ ਬਿਹਾਰ ਵਿਚ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ ਸੱਤਾ ਵਿਚ ਆਇਆ ਤਾਂ ''ਇਹ ਇਕ ਘੱਟ ਇਨਕਮ ਰੇਖਾ ਤੈਅ ਕਰੇਗਾ ਅਤੇ ਇਸ ਰੇਖਚਾ ਤੋਂ ਹੇਠਾਂ ਆਉਣ ਵਾਲੇ ਲੋਕਾਂ ਦੇ ਖਾਤਿਆਂ ਵਿਚ ਹੀ ਧਨਰਾਸ਼ੀ ਜਮ੍ਹਾ ਹੋ ਜਾਏਗੀ।'' ਨੋਟਬੰਦੀ ਦਾ ਜ਼ਿਕਰ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਇਸ ਦਾ ਉਦੇਸ਼ ਕਾਲੇ ਧਨ ਦਾ ਖ਼ਾਤਮਾ ਕਰਨਾ ਸੀ ਤਾਂ ਆਮ ਲੋਕਾਂ ਨੂੰ ਐਨੀ ਵੱਡੀ ਮੁਸ਼ਕਲ ਤੋਂ ਕਿਉਂ ਲੰਘਣਾ ਪਿਆ। (ਪੀਟੀਆਈ)