ਕ੍ਰਿਕਟ ਦੀ ਤਰਜ਼ ‘ਤੇ ‘ਹਮੀਰਪੁਰ’ ਦੀ ਚੋਣ, ਕੀ ਅਨੁਰਾਗ ਠਾਕੁਰ ਲਗਾ ਸਕਣਗੇ ਜਿੱਤ ਦਾ ਚੌਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਦੀ ‘ਹਮੀਰਪੁਰ’ ਸੀਟ ਉੱਤੇ ਮੁਕਾਬਲਾ ਦਿਲਚਸਪ ਹੈ...

Anurag Thakur

ਹਮੀਰਪੁਰ : ਹਿਮਾਚਲ ਪ੍ਰਦੇਸ਼ ਦੀ ‘ਹਮੀਰਪੁਰ’ ਸੀਟ ਉੱਤੇ ਮੁਕਾਬਲਾ ਦਿਲਚਸਪ ਹੈ। ਇਸ ਮੁਕਾਬਲੇ ਨੂੰ ਲੋਕ ਕ੍ਰਿਕੇਟ ਮੈਚ ਦੀ ਤਰਜ਼ ‘ਤੇ ਲੈ ਰਹੇ ਹਨ। ਕ੍ਰਿਕਟ ਵਾਲੇ ਅੰਦਾਜ਼ ‘ਚ ਇਸ ਨੂੰ ਲੈ ਕੇ ਗੱਲਾਂ ਹੁੰਦੀਆਂ ਹਨ। ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਇਸ ਦੌਰਾਨ ਉਨ੍ਹਾਂ ਦੇ ਸਮਰਥਨ ‘ਚ ਭਾਰੀ ਭੀੜ ਇਕੱਠੀ ਹੋਈ। ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਜਿੱਤ ਦਾ ਚੌਕਾ ਮਾਰਨਗੇ ਅਤੇ ਰਾਮ ਲਾਲ ਠਾਕੁਰ ਹਾਰਨਗੇ। 

ਦੱਸ ਦਈਏ ਕਿ ਅਨੁਰਾਗ ਠਾਕੁਰ ਨੇ ਜਿੱਥੇ ਭਾਰਤੀ ਜਨਤਾ ਜਵਾਨ ਮੋਰਚਾ ਤੋਂ ਲੈ ਕੇ ਕ੍ਰਿਕੇਟ ਅਤੇ ਖੇਡ ਪਰਬੰਧਨ ‘ਚ ਚੰਗੀ ਪਾਰੀ ਖੇਡੀ ਤਾਂ ਉਥੇ ਹੀ ਰਾਜਨੀਤੀ ਦੇ ਵੱਡੇ ਮੈਦਾਨ ‘ਚ ਵੀ ਬਾਜ਼ੀ ਮਾਰੀ। ਹਮੀਰਪੁਰ ਦਾ ਰਾਜਨੀਤਕ ਮੈਦਾਨ ਇੱਕ ਵਾਰ ਫਿਰ ਸਜ ਚੁੱਕਿਆ ਹੈ ਅਤੇ ਵਾਰਮਅਪ ਤੋਂ ਬਾਅਦ ਖਿਡਾਰੀ ਮੈਦਾਨ ‘ਚ ਉੱਤਰ ਚੁੱਕੇ ਹਨ। ਕ੍ਰਿਕੇਟ ਦੀ ਸੋਚ ਸਮਝ ਰੱਖਣ ਵਾਲੇ ਭਾਜਪਾ ਦੇ ਅਨੁਰਾਗ ਠਾਕੁਰ ਲੂਜ਼ ਬਾਲ ‘ਤੇ ਚੌਕਾ ਲਗਾਉਣ ਦੀ ਫ਼ਿਰਾਕ ‘ਚ ਹਨ ਅਤੇ ਉਮੀਦ ਕਰਦੇ ਹਨ ਕਾਂਗਰਸ ਦੇ ਰਾਮ ਲਾਲ ਠਾਕੁਰ ਚੌਥੀ ਵਾਰ ਮੈਦਾਨ ‘ਚ ਉੱਤਰ ਕੇ ਖਾਤਾ ਵੀ ਨਹੀਂ ਖੋਲ੍ਹ ਸਕਣਗੇ।

ਦੋਨਾਂ ਪਾਰਟੀਆਂ ਵੱਲੋਂ ਜਿੱਤ ਲਈ ਖੂਬ ਪਸੀਨਾ ਬਹਾਇਆ ਜਾ ਰਿਹਾ ਹੈ। ਇਧਰ, ਕਾਂਗਰਸ ਨੇ ਵੀ ਰਾਮ ਲਾਲ ਠਾਕੁਰ ਲਈ ਪੂਰੀ ਤਰ੍ਹਾਂ ਫੀਲਡ ਸਜਾ ਦਿੱਤੀ ਹੈ। ਸੁਰੇਸ਼ ਚੰਦੇਲ ਦੇ ਰੂਪ ‘ਚ ਭਾਜਪਾ ਦਾ ਇਕ ਵਿਕਟ ਸੁੱਟ ਕੇ ਵੀ ਆਪਣੀ ਹਾਲਤ ਮਜਬੂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਭਾਜਪਾ ਦੇ ਹੋਰ ਕਮਜ਼ੋਰ ਵਿਕਟਾਂ ‘ਤੇ ਵੀ ਕਾਂਗਰਸ ਦੀ ਨਜ਼ਰ ਹੈ ਅਤੇ ਉਨ੍ਹਾਂ ਨੂੰ ਆਪਣੀ ਫ਼ਿਰਕੀ ਦੇ ਜਾਲ ‘ਚ ਉਲਝਾਉਣਾ ਚਾਹੁੰਦੀ ਹੈ। ਕੁਝ ਸਮਾਂ ਪਹਿਲਾਂ ਭਾਜਪਾ ਦੀ ਟੀਮ ‘ਚ ਸ਼ਾਮਲ ਹੋਏ ਰਮੇਸ਼ ਡੋਗਰਾ ਅਤੇ ਕਈ ਹੋਰਾਂ ਦੇ ਫਿਰ ਤੋਂ ਆਪਣੀ ਪੁਰਾਣੀ ਟੀਮ ਕਾਂਗਰਸ ‘ਚ ਮੁੜਨ ਦੀਆਂ ਮੁਸ਼ਕਿਲਾਂ ਹਨ ਪਰ ਕਾਂਗਰਸ ਟੀਮ ਦੀ ਚਿੰਤਾ ਵੀ ਘੱਟ ਨਹੀਂ ਹੋਈ ਹੈ।

ਆਪਣੀ ਹੀ ਟੀਮ ਦੇ ਸਮਰਥਕ ਉਸਦੀ ਯੋਜਨਾ ਨੂੰ ਕਮਜ਼ੋਰ ਕਰ ਰਹੇ ਹਨ। ਬਿਲਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਬੰਬਰ ਠਾਕੁਰ ਦੇ ਸਮਰਥਕ ਸੋਸ਼ਲ ਮੀਡੀਆ ‘ਤੇ ਗੁਗਲੀ ਸੁੱਟ ਕੇ ਟੀਮ ਪਰਬੰਧਨ ਨੂੰ ਉਲਝਾਈ ਰੱਖਦੇ ਹਨ। ਭਾਜਪਾ ਦੇ ਕੋਚ ਯਾਨੀ ਪਾਰਟੀ ਅਗਵਾਈ ਆਪਣੇ ਖਿਡਾਰੀਆਂ ਨੂੰ ਮੈਦਾਨ ਵਿੱਚ ਡਟੇ ਰਹਿਣ  ਦੇ ਟਿਪਸ ਦੇ ਰਹੇ ਹਨ। ਇਸਦੇ ਨਾਲ ਹੀ ਭਾਜਪਾ ਵੀ ਕਾਂਗਰਸ ਨੂੰ ਝਟਕਾ ਦੇਣ ਲਈ ਜੁੱਟ ਗਈ ਹੈ।

ਪ੍ਰਮੁੱਖ ਕੋਚ ਯਾਨੀ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਅਪਣੇ ਬੇਟੇ ਅਨੁਰਾਗ ਠਾਕੁਰ ਦੀ ਜਿੱਤ ਲਈ ਮਜਬੂਤ ਰਣਨੀਤੀ ਬਣਾਈ ਹੋਈ ਹੈ। ਸਾਬਕਾ ਵਿਧਾਇਕ ਉਰਮਿਲ ਠਾਕੁਰ ਨੂੰ ਵੀ ਭਾਜਪਾ ਆਪਣੀ ਟੀਮ ‘ਚ ਲਿਆਉਣ ਦੀ ਯੋਜਨਾ ‘ਤੇ ਜੁੱਟ ਗਈ ਹੈ।