Jammu and Kashmir: ਪਹਿਲਗਾਮ ਵਿਚ ਮਾਰੇ ਗਏ ਸਥਾਨਕ ਮੁਸਲਿਮ ਨੌਜਵਾਨ ਦੇ ਮਾਪੇ ਆਏ ਸਾਹਮਣੇ
ਕਿਹਾ, ਸਾਨੂੰ ਫ਼ਖਰ ਹੈ ਸਾਡੇ ਪੁੱਤ ਨੇ ਆਖ਼ਰੀ ਸਾਹਾਂ ਤਕ ਮਹਿਮਾਨਾਂ ਦੀ ਹਿਫ਼ਾਜ਼ਤ ਕੀਤੀ
ਜੰਮੂ ਕਸ਼ਮੀਰ : 22 ਅਪ੍ਰੈਲ 2025 ਨੂੰ ਪਹਿਲਗਾਮ ਵਿਚ ਅੱਤਵਾਦੀਆਂ ਨੇ ਬੇਕਸੂਰ ਲੋਕਾਂ ’ਤੇ ਹਮਲਾ ਕਰ ਦਿਤਾ ਸੀ। ਜਿਸ ਵਿਚ 26 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖ਼ਮੀ ਵੀ ਹੋਏ ਸਨ। ਇਨ੍ਹਾਂ 26 ਲੋਕਾਂ ਵਿਚ ਇਕ ਮੁਸਲਮਾਨ ਨੌਜਵਾਨ ਆਦਿਲ ਸਈਅਦ ਵੀ ਸੀ ਜੋ ਕਿ ਜੰਮੂ ਕਸ਼ਮੀਰ ਦਾ ਹੀ ਰਹਿਣ ਵਾਲਾ ਸੀ, ਜੋ ਕਿ ਸੈਲਾਨੀਆਂ ਨੂੰ ਆਪਣੇ ਘੋੜੇ ’ਤੇ ਬਿਠਾ ਕੇ ਘੁੰਮਾਉਂਦਾ ਸੀ, ਜਿਸ ਨੇ ਸੈਲਾਨੀਆਂ ਨੂੰ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਤੇ ਅੱਤਵਾਦੀਆਂ ਦਾ ਸਾਹਮਣਾ ਕਰਦੇ ਹੋਏ ਮਾਰਿਆ ਗਿਆ।
ਆਦਿਲ ਸਈਅਦ ਅੱਤਵਾਦੀਆਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੂੰ ਕਹਿ ਰਿਹਾ ਸੀ ਕਿ ‘ਇਹ ਸਾਡੇ ਮਹਿਮਾਨ ਹਨ ਇਨ੍ਹਾਂ ’ਤੇ ਗੋਲੀ ਨਾ ਚਲਾਓ’। ਜਿਸ ਤੋਂ ਪਰਿਵਾਰ ’ਚ ਸੋਗ ’ਚ ਹੈ। ਆਦਿਲ ਸਈਅਦ ਦੇ ਪਿੰਡ ਹਪਤ ਨਾੜ ਰੋਜ਼ਾਨਾ ਸਪੋਕਸਮੈਨ ਦੀ ਟੀਮ ਪਹੁੰਚੀ, ਜਿਥੇ ਬਹੁਤ ਗਮਗੀਨ ਮਾਹੌਲ ਬਣਿਆ ਹੋਇਆ ਹੈ। ਆਦਿਲ ਸਈਅਦ ਦੇ ਪਿਤਾ ਸਈਅਦ ਹੈਦਰ ਸ਼ਾਹ ਨੇ ਕਿਹਾ ਕਿ ਸਾਨੂੰ ਆਦਿਲ ਦੇ ਜਾਣ ਦਾ ਬਹੁਤ ਦੁੱਖ ਹੈ ਪਰ ਸਾਨੂੰ ਫ਼ਖ਼ਰ ਵੀ ਹੈ। ਉਨ੍ਹਾਂ ਕਿਹਾ ਕਿ ਆਦਿਲ ਸੈਲਾਨੀਆਂ ਨੂੰ ਘੋੜੇ ’ਤੇ ਘੁੰਮਾ ਕੇ ਮਜ਼ਦੂਰੀ ਕਰਦਾ ਸੀ ਤੇ 22 ਅਪ੍ਰੈਲ ਨੂੰ ਵੀ ਉਹ ਸਵੇਰੇ ਮਜ਼ਦੂਰੀ ਕਰਨ ਲਈ ਚਲਿਆ ਗਿਆ ਤੇ ਪਹਿਲਗਾਮ ਪਹੁੰਚ ਗਿਆ।
ਜਿਥੇ ਉਸ ਨੂੰ ਇਕ ਚੱਕਰ ਦੇ 300 ਰੁਪਏ ਦਿਤੇ ਜਾਂਦੇ ਸਨ, ਜੇ ਕਦੇ ਦੋ ਚੱਕਰ ਵੀ ਲੱਗ ਜਾਂਦੇ ਤਾਂ ਉਸ 600 ਰੁਪਏ ਵੀ ਮਿਲ ਜਾਂਦੇ ਸਨ ਤੇ ਕਈ ਵਾਰ ਤਾਂ ਖ਼ਾਲੀ ਵੀ ਮੁੜਨਾ ਪੈਂਦਾ ਸੀ। 22 ਅਪ੍ਰੈਲ ਨੂੰ ਦੁਪਹਿਰ ਵੇਲੇ ਜਦੋਂ ਸਾਨੂੰ ਪਤਾ ਚੱਲਿਆ ਕਿ ਪਹਿਲਗਾਮ ਵਿਚ ਗੋਲੀਆਂ ਚੱਲ ਗਈਆਂ ਹਨ ਤਾਂ ਸਾਨੂੰ ਬਹੁਤ ਫ਼ਿਕਰ ਹੋ ਗਿਆ। ਜਿਸ ਤੋਂ ਬਾਅਦ ਅਸੀਂ ਆਦਿਲ ਨੂੰ ਕਈ ਵਾਰ ਫ਼ੋਨ ਕੀਤਾ ਪਰ ਨੈੱਟਵਰਕ ਨਾ ਹੋਣ ਕਰ ਕੇ ਫ਼ੋਨ ਨਹੀਂ ਮਿਲਿਆ। ਇਸ ਤੋਂ ਬਾਅਦ ਅਸੀਂ ਸ਼ਾਮ 7 ਵਜੇ ਅਸ਼ਮਗਾਮ ਥਾਣੇ ਵਿਚ ਰਿਪੋਰਟ ਦਰਜ ਕਰਵਾਈ। ਇਸ ਤੋਂ ਬਾਅਦ ਅਸੀਂ ਪਹਿਲਗਾਮ ਪਹੁੰਚੇ। ਜਿਥੇ ਹਸਪਤਾਲ ਵਿਚ ਅਸੀਂ ਆਦਿਲ ਦੀ ਮ੍ਰਿਤਕ ਦੇਹ ਪਈ ਦੇਖੀ।
ਫਿਰ ਦੂਜੇ ਦਿਨ ਦੁਪਹਿਰ 1.30 ਵਜੇ ਫ਼ੌਜ ਨੇ ਆਦਿਲ ਦੀ ਮ੍ਰਿਤਕ ਦੇਹ ਸਾਨੂੰ ਸੌਂਪ ਦਿਤੀ। ਉਨ੍ਹਾਂ ਕਿਹਾ ਕਿ ਮੇਰੀਆਂ ਅੱਖਾਂ ਵਿਚ ਇਸੇ ਕਰ ਕੇ ਹੰਝੂ ਨਹੀਂ ਹੈ ਕਿਉਂ ਕਿ ਮੈਨੂੰ ਆਪਣੇ ਪੁੱਤਰ ’ਤੇ ਮਾਣ ਹੈ ਕਿ ਮੇਰੇ ਪੁੱਤਰ ਨੇ ਬਿਨਾਂ ਜਾਤ ਪਾਤ ਦੇਖੇ ਸਭ ਦੀ ਜਾਨ ਬਚਾਉਣ ਲਈ ਆਪਣੀ ਜਾਨ ਗਵਾ ਦਿਤੀ, ਉਹ ਸਿੱਖ, ਹਿੰਦੂ, ਇਸਾਈ ਜਾਂ ਫਿਰ ਮੁਸਲਮਾਨ ਹੋ। ਮੇਰੇ ਤਿੰਨ ਪੁੱਤਰ ਹਨ, ਆਦਿਲ ਸਭ ਤੋਂ ਵੱਡਾ ਸੀ। ਆਦਿਲ ਸ਼ੁਰੂ ਤੋਂ ਹੀ ਦਲੇਰ ਸੀ ਤੇ ਉਸ ਨੇ ਅੱਤਵਾਦੀਆਂ ਦਾ ਸਾਹਮਣਾ ਕਰ ਕੇ ਸਾਬਤ ਕਰ ਦਿਤਾ ਕਿ ਮੇਰਾ ਪੁੱਤਰ ਦਲੇਰ ਸੀ।
ਉਨ੍ਹਾਂ ਕਿਹਾ ਕਿ ਚਾਹੇ ਕੋਈ ਸਿੱਖ, ਹਿੰਦੂ, ਇਸਾਈ ਜਾਂ ਫਿਰ ਮੁਸਲਮਾਨ, ਮੀਡੀਆ ਵਾਲੇ ਹੋਣ ਸਭ ਨੇ ਸਾਡਾ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਨੇ ਭਾਵੁਕ ਦਿਲ ਨਾਲ ਲੋਕਾਂ ਨੂੰ ਬੇਨਤੀ ਕੀਤੀ ਕਿ ਚਾਹੇ ਕੋਈ ਵਿਅਕਤੀ ਕਿਸੇ ਵੀ ਧਰਮ ਦਾ ਹੋਵੇ ਸਾਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਅੱਤਵਾਦੀਆਂ ਤੇ ਅੱਤਵਾਦ ਦਾ ਮਿਲ ਕੇ ਸਾਹਮਣਾ ਕਰ ਸਕੀਏ।