ਬਿਹਾਰ ਦੇ ਇਸ ਪਿੰਡ 'ਚ ਹੁੰਦੀ ਹੈ ਚਮਗਿੱਦੜਾਂ ਦੀ ਪੂਜਾ, ਨਿਪਾਹ ਨੂੰ ਲੈ ਕੇ ਲੋਕ ਹੈਰਾਨ
ਭਾਰਤ ਦੇ ਕੇਰਲ ਸੂਬੇ ਵਿਚ 'ਨਿਪਾਹ ਵਾਇਰਸ' ਦੇ ਲਈ ਲੋਕ ਜਿੱਥੇ ਚਮਗਿੱਦੜਾਂ ਨੂੰ ਦੋਸ਼ੀ ਠਹਿਰਾ ਰਹੇ ਹਨ, ਉਥੇ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ...
ਵੈਸ਼ਾਲੀ (ਬਿਹਾਰ) : ਭਾਰਤ ਦੇ ਕੇਰਲ ਸੂਬੇ ਵਿਚ 'ਨਿਪਾਹ ਵਾਇਰਸ' ਦੇ ਲਈ ਲੋਕ ਜਿੱਥੇ ਚਮਗਿੱਦੜਾਂ ਨੂੰ ਦੋਸ਼ੀ ਠਹਿਰਾ ਰਹੇ ਹਨ, ਉਥੇ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਇਕ ਅਜਿਹਾ ਵੀ ਪਿੰਡ ਹੈ, ਜਿੱਥੇ ਅੱਜ ਵੀ ਚਮਗਿੱਦੜਾਂ ਨੂੰ ਪਿੰਡ ਦਾ ਰੱਖਿਅਕ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਕੇਰਲ ਵਿਚ ਫੈਲੇ ਨਿਪਾਹ ਵਾਇਰਸ ਤੋਂ ਇੱਥੋਂ ਦੇ ਲੋਕ ਪਰੇਸ਼ਾਨ ਹਨ। ਕੇਰਲ ਤੋਂ ਆਈਆਂ ਖ਼ਬਰਾਂ ਤੋਂ ਬਾਅਦ ਇਸ ਪਿੰਡ ਦੇ ਲੋਕਾਂ ਨੂੰ ਵੀ ਨਿਪਾਹ ਵਾਇਰਸ ਦਾ ਡਰ ਸਤਾ ਰਿਹਾ ਹੈ।
ਇਧਰ ਸਰਕਾਰ ਨੇ ਵੀ ਇਸ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਕਈ ਚੀਜ਼ਾਂ ਤੋਂ ਬਚਣ ਦੀ ਸਲਾਹ ਦਿਤੀ ਹੈ। ਬਿਹਾਰ ਸਰਕਾਰ ਅਤੇ ਕੇਂਦਰ ਸਰਕਾਰ ਨੇ ਅਡਵਾਇਜ਼ਰੀ ਜਾਰੀ ਕਰਕੇ ਲੋਕਾਂ ਨੂੰ ਚਮਗਿੱਦੜਾਂ ਅਤੇ ਸੂਰਾਂ ਨੂੰ ਨਿਪਾਹ ਦਾ ਸੂਤਰ ਮੰਨਦੇ ਹੋਏ ਉਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਹੈ ਅਤੇ ਅਜਿਹੇ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ, ਜਿੱਥੇ ਇਹ ਜ਼ਿਆਦਾ ਮਾਤਰਾ ਵਿਚ ਪਾਏ ਜਾਂਦੇ ਹਨ। ਦੂਜੇ ਪਾਸੇ ਵੈਸ਼ਾਲੀ ਦੇ ਰਾਜਾਪਾਕਰ ਖੇਤਰ ਦੇ ਸਰਸਈ ਪਿੰਡ ਵਿਚ ਲੋਕ ਇਸ ਥਣਧਾਰੀ ਜੀਵ ਚਮਗਿੱਦੜ ਨੂੰ ਨਾ ਸਿਰਫ਼ ਪਿੰਡ ਦਾ ਰੱਖਿਅਕ, ਬਲਕਿ ਤਰੱਕੀ ਦਾ ਪ੍ਰਤੀਕ ਮੰਨ ਕੇ ਪੂਜਾ ਕਰਦੇ ਹਨ।
ਇਸ ਪਿੰਡ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿਚ ਕਰੀਬ 50 ਹਜ਼ਾਰ ਤੋਂ ਜ਼ਿਆਦਾ ਚਮਗਿੱਦੜਾਂ ਦਾ ਬਸੇਰਾ ਹੈ। ਪਿੰਡ ਵਾਲਿਆਂ ਦਾ ਤਾਂ ਦਾਅਵਾ ਹੈ ਕਿ ਇਨ੍ਹਾਂ ਚਮਗਿੱਦੜਾਂ ਵਿਚ ਕਈਆਂ ਦਾ ਵਜ਼ਨ ਪੰਜ-ਪੰਜ ਕਿਲੋਗ੍ਰਾਮ ਤਕ ਹੈ। ਸਰਸਈ ਦੇ ਸਰਪੰਚ ਅਤੇ ਬਿਹਾਰ ਸਰਪੰਚ ਸੰਘ ਦੇ ਪ੍ਰਧਾਨ ਅਮੋਦ ਕੁਮਾਰ ਨਿਰਾਲਾ ਨੇ ਕਿਹਾ ਕਿ ਇਸ ਪਿੰਡ ਦੇ ਆਸਪਾਸ ਦੇ ਖੇਤਰਾਂ ਵਿਚ ਕੁੱਝ ਦਹਾਕੇ ਪਹਿਲਾਂ ਪਲੇਗ ਅਤੇ ਹੈਜ਼ਾ ਵਰਗੀ ਬਿਮਾਰੀ ਮਹਾਂਮਾਰੀ ਦੀ ਰੂਪ ਲੈ ਲਿਆ ਸੀ ਪਰ ਇਸ ਪਿੰਡ ਵਿਚ ਇਹ ਬਿਮਾਰੀ ਨਹੀਂ ਪਹੁੰਚ ਸਕੀ ਸੀ। ਉਦੋਂ ਇਹ ਮੰਨਿਆ ਗਿਆ ਸੀ ਕਿ ਇਨ੍ਹਾਂ ਚਮਗਿੱਦੜਾਂ ਦੇ ਰਹਿਣ ਕਰਕੇ ਹੀ ਇਸ ਪਿੰਡ ਵਿਚ ਬਿਮਾਰੀਆਂ ਨਹੀਂ ਪਹੁੰਚ ਸਕੀਆਂ। ਇਸ ਤੋਂ ਬਾਅਦ ਇਹ ਚਮਗਿੱਦੜ ਲੋਕਾਂ ਲਈ ਭਾਗਸ਼ਾਲੀ ਹੋ ਗਏ।
ਨਿਰਾਲਾ ਦਾ ਕਹਿਣਾ ਹੈ ਕਿ ਇਨ੍ਹਾਂ ਚਮਗਿੱਦੜਾਂ ਨੂੰ ਮਾਰਨਾ ਜਾਂ ਨੁਕਸਾਨ ਪਹੁੰਚਾਉਣਾ ਪਿੰਡ ਦੇ ਲੋਕਾਂ ਲਈ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ। ਸਾਡੇ ਲੋਕਾਂ ਦੇ ਵੱਡੇ ਵਡੇਰੇ ਕਿਹਾ ਕਰਦੇ ਸਨ ਕਿ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਪਿੰਡ ਦੇ ਲਈ ਸ਼ੁਭ ਨਹੀਂ ਹੋਵੇਗਾ। ਪਿੰਡ ਦੇ ਲੋਕ ਵੀ ਇਨ੍ਹਾਂ ਦੀ ਸਹੂਲਤ ਦਾ ਧਿਆਨ ਰੱਖਦੇ ਸਨ। ਨਿਰਾਲਾ ਦਾ ਦਾਅਵਾ ਹੈ ਕਿ ਇਹ ਚਮਗਿੱਦੜ ਇੱਥੇ 15ਵੀਂ ਸ਼ਤਾਬਦੀ ਵਿਚ ਤਿਰਹੁਤ ਦੇ ਇਕ ਰਾਜਾ ਸ਼ਿਵ ਸਿੰਘ ਦੁਆਰਾ ਬਣਾਏ ਤਲਾਬ ਦੇ ਆਸਪਾਸ ਦੇ ਪਿੱਪਲ ਸਮੇਤ ਹੋਰ ਦਰੱਖਤਾਂ 'ਤੇ ਰਹਿੰਦੇ ਹਨ।
ਉਨ੍ਹਾਂ ਦਸਿਆ ਕਿ ਪਿੰਡ ਵਾਲੇ ਚਮਗਿੱਦੜਾਂ ਦੇ ਲਈ ਤਲਾਬ ਸੁੱਕਣ ਦੀ ਸਥਿਤੀ ਨਾ ਸਿਰਫ਼ ਉਸ ਵਿਚ ਪਾਣੀ ਦਾ ਪ੍ਰਬੰਧ ਕਰਦੇ ਹਨ, ਬਲਕਿ ਆਸਪਾਸ ਦੇ ਫ਼ਲਦਾਰ ਦਰੱਖਤਾਂ ਤੋਂ ਫ਼ਲ ਤੋੜ ਕੇ ਉਨ੍ਹਾਂ ਦੇ ਖਾਣ ਦਾ ਵੀ ਪ੍ਰਬੰਧ ਕਰਦੇ ਹਨ। ਇਸ ਦੌਰਾਨ ਮੀਡੀਆ ਦੇ ਜ਼ਰੀਏ ਮਿਲੀ ਜਾਣਕਾਰੀ ਤੋਂ ਬਾਅਦ ਸਰਪੰਚ ਅਮੋਦ ਨਿਰਾਲਾ ਘੁੰਮ ਘੁੰਮ ਕੇ ਪਿੰਡ ਵਿਚ ਬਸਤੀਆਂ ਵਿਚ ਲੋਕਾਂ ਨੂੰ ਨਿਪਾਹ ਦੀ ਜਾਣਕਾਰੀ ਦੇ ਰਹੇ ਹਨ। ਲੋਕਾਂ ਨੂੰ ਬੱਚਿਆਂ 'ਤੇ ਧਿਆਨ ਦੇਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਜ਼ਮੀਨ 'ਤੇ ਡਿਗੇ ਫ਼ਲ ਨਾ ਖਾਣ ਦੀ ਸਲਾਹ ਦਿਤੀ ਹੈ।
ਉਹ ਲੋਕਾਂ ਨੂੰ ਤਾੜੀ ਪੀਣ ਤੋਂ ਵੀ ਮਨ੍ਹਾਂ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਚਮਗਿੱਦੜ ਸੈਂਕੜੇ ਸਾਲਾਂ ਤੋਂ ਇਸ ਪਿੰਡ ਵਿਚ ਦਰੱਖਤਾਂ 'ਤੇ ਰਹਿੰਦੇ ਹਨ। ਮਾਨਤਾ ਹੈ ਕਿ ਇਨ੍ਹਾਂ ਚਮਗਿੱਦੜਾਂ ਦੀ ਵਜ੍ਹਾ ਨਾਲ ਹੀ ਇਸ ਪਿੰਡ ਵਿਚ ਕਦੇ ਕੋਈ ਬਿਮਾਰੀ ਨਹੀਂ ਫੈਲੀ। ਪਿੰਡ ਵਾਸੀ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿਚ ਕਿਸੇ ਅਣਜਾਣ ਦੇ ਦਾਖ਼ਲੇ ਤੋਂ ਬਾਅਦ ਇਹ ਚਮਗਿੱਦੜ ਪਿੰਡ ਵਾਲਿਆਂ ਨੂੰ ਸੁਚੇਤ ਵੀ ਕਰਦੇ ਹਨ।
ਇੰਦਰਜੀਤ ਦਾ ਕਹਿਣਾ ਹੈ ਕਿ ਕਿਸੇ ਅਣਜਾਣ ਵਿਅਕਤੀ ਦੇ ਆਉਣ ਤੋਂ ਬਾਅਦ ਇਹ ਚਮਗਿੱਦੜ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ, ਜਦਕਿ ਪਿੰਡ ਦੇ ਲੋਕਾਂ ਦੇ ਦਰੱਖਤ ਕੋਲ ਜਾਣ 'ਤੇ ਉਹ ਸ਼ਾਂਤ ਰਹਿੰਦੇ ਹਨ। ਫਿਲਹਾਲ ਲੋਕ ਇਹ ਸਮਝ ਨਹੀਂ ਪਾ ਰਹੇ ਹਨ ਕਿ ਜੋ ਚਮਗਿੱਦੜ ਉਨ੍ਹਾਂ ਦੀ ਆਸਥਾ ਦਾ ਪ੍ਰਤੀਕ ਹਨ, ਅੱਜ ਉਹੀ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਕਿਵੇਂ ਹੋ ਸਕਦੇ ਹਨ? (ਏਜੰਸੀ)