ਤਾਲਾਬੰਦੀ ਦਾ ਟੀਚਾ ਪੂਰਾ ਨਹੀਂ ਹੋਇਆ, ਅੱਗੇ ਦੀ ਰਣਨੀਤੀ ਦੱਸਣ ਪ੍ਰਧਾਨ ਮੰਤਰੀ : ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਤੇ ਚਾਰ ਵਾਰੀ ਲਾਈ ਤਾਲਾਬੰਦੀ ਦਾ ਟੀਚਾਰ ਪੂਰਾ ਨਾ ਹੋਣ ਦਾ ਦਾਅਵਾ ਕਰਦਿਆਂ ਮੰਗਲਵਾਰ ਨੂੰ ਕਿਹਾ
ਨਵੀਂ ਦਿੱਲੀ, 26 ਮਈ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਤੇ ਚਾਰ ਵਾਰੀ ਲਾਈ ਤਾਲਾਬੰਦੀ ਦਾ ਟੀਚਾਰ ਪੂਰਾ ਨਾ ਹੋਣ ਦਾ ਦਾਅਵਾ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਸਣਾ ਚਾਹੀਦਾ ਹੈ ਕਿ 'ਅਸਫ਼ਲ ਤਾਲਾਬੰਦੀ' ਤੋਂ ਬਾਅਦ ਹੁਣ ਕੋਰੋਨਾ ਸੰਕਟ ਨਾਲ ਨਜਿੱਠਣਾ ਅਤੇ ਜ਼ਰੂਰਤਮੰਦਾਂ ਨੂੰ ਮਦਦ ਦੇਣ ਲਈ ਉਨ੍ਹਾਂ ਦੀ ਰਣਨੀਤੀ ਕੀ ਹੈ?
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਗ਼ਰੀਬਾਂ, ਮਜਦੂਰਾਂ ਅਤੇ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਦੀ ਤੁਰਤ ਮਦਦ ਨਹੀਂ ਕੀਤੀ ਗਈ ਤਾਂ ਇਹ ਘਾਤਕ ਸਾਬਤ ਹੋਵੇਗਾ ਅਤੇ ਅਜਿਹੇ 'ਚ ਕੇਂਦਰ ਸਰਕਾਰ ਨੂੰ ਦੇਸ਼ ਦੇ ਆਰਥਕ ਰੂਪ 'ਚ ਕਮਜ਼ੋਰ 50 ਫ਼ੀ ਸਦੀ ਲੋਕਾਂ (13 ਕਰੋੜ ਪ੍ਰਵਾਰ) ਨੂੰ ਤੁਰਤ 7500 ਰੁਪਏ ਮਹੀਨੇ ਦੀ ਨਗਦ ਮਦਦ ਅਤੇ ਸੂਬਿਆਂ ਦੀ ਢੁਕਵੀਂ ਮਦਦ ਕਰਨੀ ਚਾਹੀਦੀ ਹੈ। ਰਾਹੁਲ ਨੇ ਵੀਡੀਉ ਕਾਨਫ਼ਰੰਸ ਰਾਹੀਂ ਪੱਤਰਕਾਰਾਂ ਨੂੰ ਕਿਹਾ, ''ਮੋਦੀ ਜੀ ਨੇ 21 ਦਿਨਾਂ ਅੰਦਰ ਕੋਰੋਨਾ ਦੀ ਲੜਾਈ ਜਿੱਤਣ ਦੀ ਗੱਲ ਕਹੀ ਸੀ। ਲਗਭਗ 60 ਦਿਨ ਹੋ ਗਏ ਹਨ।
ਹਿੰਦੁਸਤਾਨ ਪਹਿਲਾ ਦੇਸ਼ ਹੈ ਜੋ ਬਿਮਾਰੀ ਦੇ ਵਧਣ ਮਗਰੋਂ ਤਾਲਾਬੰਦੀ ਹਟਾ ਰਿਹਾ ਹੈ। ਦੁਨੀਆਂ ਦੇ ਬਾਕੀ ਦੇਸ਼ਾਂ ਨੇ ਤਾਲਾਬੰਦੀ ਉਦੋਂ ਹਟਾਈ ਜਦੋਂ ਬਿਮਾਰੀ ਘੱਟ ਹੋਣੀ ਸ਼ੁਰੂ ਹੋਈ।'' ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਤਾਲਾਬੰਦੀ ਅਸਫ਼ਲ ਹੋ ਗਈ ਹੈ। ਜੋ ਟੀਚਾ ਮੋਦੀ ਜੀ ਦਾ ਸੀ ਉਹ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ, ''ਜੇਕਰ ਤਾਲਾਬੰਦੀ ਬਾਰੇ ਪ੍ਰਧਾਨ ਮੰਤਰੀ ਜੀ ਤੋਂ ਵੀ ਪੁਛਿਆ ਜਾਵੇਗਾ ਤਾਂ ਉਹ ਵੀ ਮੰਨਣਗੇ ਕਿ ਇਹ ਅਸਫ਼ਲ ਹੋ ਗਈ। ਪਹਿਲਾਂ ਪ੍ਰਧਾਨ ਮੰਤਰੀ ਜੀ ਫ਼ਰੰਟ ਫ਼ੁਟ 'ਤੇ ਸਨ, ਪਰ ਹੁਣ ਉਹ ਦਿਸ ਨਹੀਂ ਰਹੇ।
ਜਦਕਿ ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਦਸਣਾ ਚਾਹੀਦਾ ਹੈ ਕਿ ਉਹ ਕੀ ਕਰਨਗੇ ਅਤੇ ਉਨ੍ਹਾਂ ਦੀ ਅਗਲੀ ਰਣਨੀਤੀ ਅਤੇ ਪਲਾਨ ਬੀ ਕੀ ਹੈ?''ਦੂਜੇ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਹੁਲ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਕੋਰੋਨ ਵਾਇਰਸ ਦੇ ਮਾਮਲੇ ਦੁੱਗਣੇ ਹੋਣ ਦੀ ਦਰ ਤਿੰਨ ਦਿਨਾਂ ਤੋਂ ਬਹਿਤਰ ਹੋ ਕੇ ਹੁਣ 13 ਦਿਨ ਹੋ ਗਈ ਹੈ ਜੋ ਭਾਰਤ ਦੀ ਸਫ਼ਲਤਾ ਹੈ। ਭਾਜਪਾ ਆਗੂ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਮੋਦੀ ਸਰਕਾਰ ਦੀ ਤਾਲਾਬੰਦੀ ਲਾਗੂ ਕਰਨ ਦੇ ਫ਼ੈਸਲੇ ਕਰ ਕੇ ਇਹ ਯਕੀਨੀ ਹੋਇਆ ਹੈ ਕਿ ਭਾਰਤ ਨੂੰ ਅਮਰੀਕਾ, ਫ਼ਰਾਂਸ, ਸਪੇਨ ਵਰਗੇ ਦੇਸ਼ਾਂ ਮੁਕਾਬਲੇ ਘੱਟ ਪ੍ਰਭਾਵਤ ਹੋਣਾ ਗਿਆ। ਉਨ੍ਹਾਂ ਕਾਂਗਰਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਵਿਰੋਧੀ ਪਾਰਟੀ ਅਜਿਹੇ ਸਮੇਂ ਸਿਆਸਤ ਕਰ ਰਹੀ ਹੈ ਜਦੋਂ ਪੂਰਾ ਦੇਸ਼ ਕੋਰੋਨਾ ਵਾਇਰਸ ਵਿਰੁਧ ਲੜਾਈ ਲੜ ਰਿਹਾ ਹੈ। (ਪੀਟੀਆਈ)