ਬਾਬਾ ਰਾਮਦੇਵ ਸਮੇਤ 5 ਖਿਲਾਫ ਮਾਮਲਾ ਦਰਜ, ਕੋਰੋਨਿਲ ਦੇ ਗਲਤ ਪ੍ਰਚਾਰ ਦਾ ਆਰੋਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੀ ਦਵਾਈ ਦੀ ਲਾਂਚਿੰਗ ਤੋਂ ਬਾਅਦ ਬਾਬਾ ਰਾਮਦੇਵ ਅਤੇ ਉਹਨਾਂ ਦੀ ਕੰਪਨੀ ਪਤੰਜਲੀ ਸਵਾਲਾਂ ਦੇ ਘੇਰੇ ਵਿਚ ਹਨ।

Patanjali

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦਵਾਈ ਦੀ ਲਾਂਚਿੰਗ ਤੋਂ ਬਾਅਦ ਬਾਬਾ ਰਾਮਦੇਵ ਅਤੇ ਉਹਨਾਂ ਦੀ ਕੰਪਨੀ ਪਤੰਜਲੀ ਸਵਾਲਾਂ ਦੇ ਘੇਰੇ ਵਿਚ ਹਨ। ਕੋਰੋਨਿਲ ਦਵਾਈ ਨੂੰ ਲੈ ਕੇ ਹੁਣ ਬਾਬਾ ਰਾਮਦੇਵ ਅਤੇ 4 ਹੋਰ ਖਿਲਾਫ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਆਫਆਈਆਰ ਦਰਜ ਕਰਵਾਈ ਗਈ ਹੈ। ਇਹ ਕੇਸ ਕੋਰੋਨਾ ਵਾਇਰਸ ਦੀ ਦਵਾਈ ਦੇ ਤੌਰ ‘ਤੇ ਕੋਰੋਨਿਲ ਨੂੰ ਲੈ ਕੇ ਗਲਤ ਪ੍ਰਚਾਰ ਕਰਨ ਦੇ ਆਰੋਪ ਵਿਚ ਦਰਜ ਕਰਵਾਇਆ ਗਿਆ ਹੈ।

ਕੋਰੋਨਾ ਦੀ ਦਵਾਈ ਦੇ ਤੌਰ ‘ਤੇ ਕੋਰੋਨਿਲ ਨੂੰ ਲੈ ਕੇ ਗੁੰਮਰਾਹਕੁੰਨ ਪ੍ਰਚਾਰ ਕਰਨ ਦੇ ਆਰੋਪ ਵਿਚ ਜੈਪੁਰ ਵਿਚ ਜਿਨ੍ਹਾਂ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਹਨਾਂ ਵਿਚ ਬਾਬਾ ਰਾਮਦੇਵ ਅਤੇ ਬਾਲਕ੍ਰਿਸ਼ਨ ਦਾ ਨਾਮ ਸ਼ਾਮਲ ਹੈ। ਜੈਪੁਰ ਦੇ ਜਯੋਤੀਨਗਰ ਥਾਣੇ ਵਿਚ ਸ਼ੁੱਕਰਵਾਰ ਨੂੰ ਇਹ ਐਫਆਈਆਰ ਦਰਜ ਕਰਵਾਈ ਗਈ ਹੈ।

ਐਫਆਈਆਰ ਵਿਚ ਯੋਗ ਗੁਰੂ ਬਾਬਾ ਰਾਮਦੇਵ ਅਤੇ ਬਾਲ ਕ੍ਰਿਸ਼ਨ ਤੋਂ ਇਲਾਵਾ ਵਿਗਿਆਨਕ ਅਨੁਰਾਗ ਵਰਸ਼ਨੇ, ਨਿਮਸ ਦੇ ਮੁਖੀ ਡਾਕਟਰ ਬਲਬੀਰ ਸਿੰਘ ਤੋਮਰ ਅਤੇ ਡਾਇਰੈਕਟਰ ਡਾਕਟਰ ਅਨੁਰਾਗ ਤੋਮਰ ਨੂੰ ਅਰੋਪੀ ਬਣਾਇਆ ਗਿਆ ਹੈ। ਥਾਣਾ ਮੁਖੀ ਸੁਧੀਰ ਕੁਮਾਰ ਨੇ ਦੱਸਿਆ ਕਿ ਬਾਬਾ ਰਾਮਦੇਵ, ਬਾਲ ਕ੍ਰਿਸ਼ਨ, ਡਾਕਟਰ ਬਲਬੀਰ ਸਿੰਘ ਤੋਮਰ, ਡਾਕਟਰ ਅਨੁਰਾਗ ਤੋਮਰ ਅਤੇ ਪਤੰਜਲੀ ਦੇ ਵਿਗਿਆਨਕ ਅਨੁਰਾਗ ਵਰਸ਼ਨੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।

ਸ਼ਿਕਾਇਤ ਕਰਤਾ ਵਕੀਲ ਬਲਰਾਮ ਜਾਖੜ ਨੇ ਦੱਸਿਆ ਕਿ ਇਹਨਾਂ ਖਿਲਾਫ ਆਈਪੀਸੀ ਦੀ ਧਾਰਾ 420 ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।  ਪਤੰਜਲੀ ਨੇ ਨਿਮਸ ਜੈਪੁਰ ਵਿਚ ਕੋਰੋਨਿਲ ਦਵਾਈ ਦਾ ਪਰੀਖਣ ਕਰਨ ਦਾ ਦਾਅਵਾ ਕੀਤਾ ਸੀ। ਨਿਮਸ ਦੇ ਮੁਖੀ ਅਤੇ ਚਾਂਸਲਰ ਡਾਕਟਰ ਬੀਐਸ ਤੋਮਰ ਨੇ ਦੱਸਿਆ ਕਿ ਉਹਨਾਂ ਕੋਲ ਮਰੀਜਾਂ ਦਾ ਪਰੀਖਣ ਕਰਨ ਲਈ ਲੋੜੀਂਦੀ ਮਨਜ਼ੂਰੀ ਸੀ। ਪਰੀਖਣ ਤੋਂ ਪਹਿਲਾਂ ਸੀਟੀਆਰਆਈ ਕੋਲੋਂ ਇਜਾਜ਼ਤ ਲਈ ਗਈ ਸੀ, ਜੋ ਕਿ ਆਈਸੀਐਮਆਰ ਦਾ ਇਕ ਹਿੱਸਾ ਹੈ।