ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਨੂੰ ਫੋਨ ਕਰ ਲਿਆ ਹੜ੍ਹਾਂ ਦੇ ਹਾਲਾਤਾਂ ਦਾ ਜਾਇਜ਼ਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨਮੰਤਰੀ ਨਰਿੰਦਰ ਮੌਦੀ ਨੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਜਤਾਇਆ

Prime Minister Modi called the Captain and reviewed the issue of floods

ਚੰਡੀਗੜ :  ਪ੍ਰਧਾਨ ਮੰਤਰੀ ਨਰਿੰਦਰ ਮੌਦੀ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਜਤਾਇਆ ਕਿ ਰਾਜ ਵਿਚ ਭਾਰੀ ਮੀਂਹ ਕਾਰਣ ਪੈਦਾ ਹੋਈ ਹੜ੍ਹਾਂ ਦੀ ਹਾਲਤ ਨੂੰ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਫੋਨ ਤੇ ਕੀਤੀ ਗੱਲਬਾਤ ਰਾਂਹੀ ਰਾਜ ਵਿਚ ਹੜ੍ਹਾਂ ਦੀ ਸਥਿਤੀ ਸਬੰਧੀ ਜਾਇਜ਼ਾ ਲਿਆ।

ਉਨਾਂ ਮੁਖ ਮੰਤਰੀ ਨੂੰ ਹੜ੍ਹਾਂ ਅਤੇ ਮੀਂਹ ਕਾਰਣ ਪੈਦਾ ਹੋਏ ਹਾਲਾਤਾਂ ਨਾਲ ਨਿਪਟਣ ਲਈ ਹਰ ਸਭੰਵ ਮਦਦ ਕਰਨ ਦਾ ਭਰੋਸਾ ਜਤਾਇਆ। ਪ੍ਰਧਾਨਮੰਤਰੀ ਨੂੰ ਹਾਲਾਤਾਂ ਸਬੰਧੀ ਜਾਣੂ ਕਰਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਉਨਾਂ ਨੇ ਕਪਰਥਲਾ ਅਤੇ ਤਰਨਤਾਰਨ ਜ਼ਿਲ੍ਹੇ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ। ਜਿੱਥੇ ਬਿਆਸ ਦਰਿਆ ਦੇ ਨਾਲ ਲਗਦੇ ਇਲਾਕਿਆਂ ਵਿਚ ਫਸਲਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਮੁਖਮੰਤਰੀ ਨੇ ਦਸਿਆ ਕਿ ਉਨਾਂ ਫਸਲਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਆਦੇਸ਼ ਦਿੱਤੇ ਹਨ ਅਤੇ ਪਾਣੀ ਦਾ ਪੱਧਰ ਘਟਾਉਣ ਦੇ ਤੁਰੰਤ ਬਾਅਦ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਮੋਦੀ ਵੱਲੋਂ ਦਿੱਤੇ ਗਏ ਭਰੋਸੇ ਦੇ ਲਈ ਉਨਾਂ ਦਾ ਧੰਨਵਾਦ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਗਿਰਦਾਵਰੀ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਉਹ ਪ੍ਰਧਾਨ ਮੰਤਰੀ ਨੂੰ ਹਾਲਾਤਾਂ ਤੋਂ ਜਾਣੂ ਕਰਵਾਉਣਗੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਦੇ ਦੌਰੇ ਦੌਰਾਨ ਕਿਹਾ ਸੀ ਕਿ ਹੜਾਂ ਦੀ ਰੋਕਥਾਮ ਲਈ ਬਿਆਸ ਦਰਿਆ ਵਿੱਚ ਪਾਬੰਦੀਆਂ ਦੇ ਨਿਰਮਾਣ ਦੇ ਬਜਟ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨਗੇ।

ਉਨਾਂ ਕਿਹਾ ਕਿ ਦਰਿਆ ਦੇ ਬੰਨ ਦੀ ਸੁਰੱਖਿਆ ਲਈ ਅਜਿਹੀਆਂ ਪਾਬੰਦੀਆਂ ਦੀ ਜ਼ਰੂਰਤ ਹੈ। ਮੁਖਮੰਤਰੀ ਨੇ ਇਹ ਵੀ ਕਿਹਾ ਹੈ ਕਿ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਨ ਗਡਕਰੀ ਦੇ ਨਾਲ ਬੈਠਕ ਕਰਕੇ ਸੈਨਾ ਵੱਲੋਂ ਤਿਆਰ ਕੀਤੇ ਗਏ ਮੌਜੂਦਾ ਆਰਜ਼ੀ ਪੁੱਲਾਂ ਨੂੰ ਸਥਾਈ ਪੁੱਲਾਂ ਵਿਚ ਬਦਲਣ ਦੀ ਮੰਗ ਕਰਨਗੇ।