12 ਵਰ੍ਹਿਆਂ ਤੋਂ 'ਸਿਆਸਤ ਦਾ ਸ਼ਿਕਾਰ' ਹੋ ਰਿਹੈ ਗੁਰੂ ਗੋਬਿੰਦ ਸਿੰਘ ਮਾਰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੱਤਾ ਵਿਚ ਰਹਿੰਦਿਆਂ ਸਿਆਸੀ ਪਾਰਟੀਆਂ ਵੋਟਾਂ ਬਟੋਰਨ ਲਈ ਵੱਡੇ-ਵੱਡੇ ਐਲਾਨ ਤਾਂ ਕਰ ਦਿੰਦੀਆਂ ਹਨ ਪਰ ਕਈ-ਕਈ ਸਾਲਾਂ ਤਕ ਉਨ੍ਹਾਂ ਨੂੰ ਪੂਰਾ ਕਰਨ....

Guru Gobind Singh Marg

ਚੰਡੀਗੜ੍ਹ (ਭਾਸ਼ਾ) : ਸੱਤਾ ਵਿਚ ਰਹਿੰਦਿਆਂ ਸਿਆਸੀ ਪਾਰਟੀਆਂ ਵੋਟਾਂ ਬਟੋਰਨ ਲਈ ਵੱਡੇ-ਵੱਡੇ ਐਲਾਨ ਤਾਂ ਕਰ ਦਿੰਦੀਆਂ ਹਨ ਪਰ ਕਈ-ਕਈ ਸਾਲਾਂ ਤਕ ਉਨ੍ਹਾਂ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਦਿਤਾ ਜਾਂਦਾ, ਇਹੀ ਕੁੱਝ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਲੈ ਕੇ ਹੋ ਰਿਹਾ ਹੈ। ਜਿਸ ਨੂੰ ਕੌਮੀ ਮਾਰਗ ਐਲਾਨੇ ਜਾਣ ਦਾ ਮਾਮਲਾ ਪਿਛਲੇ ਕਰੀਬ 12 ਵਰ੍ਹਿਆਂ ਤੋਂ ਲਟਕਿਆ ਹੋਇਆ ਹੈ। 10 ਅਪਰੈਲ 1973 ਨੂੰ ਮਰਹੂਮ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਦਮਦਮਾ ਸਾਹਿਬ ਤਕ 577 ਕਿਲੋਮੀਟਰ ਲੰਮੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਕੀਤਾ ਸੀ।

 ਜਦਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਨਾਂਦੇੜ ਸਾਹਿਬ ਤੱਕ ਇਸ ਮਾਰਗ ਦੀ ਦੂਰੀ 3008 ਕਿਲੋਮੀਟਰ ਦੇ ਕਰੀਬ ਹੈ। ਜਿਸ ਵਿਚੋਂ 1714 ਕਿਲੋਮੀਟਰ ਨੂੰ ਕੌਮੀ ਮਾਰਗ ਐਲਾਨੇ ਜਾਣ ਦੀ ਗੱਲ ਸ਼ੁਰੂ ਕੀਤੀ ਗਈ ਸੀ। ਕਿਉਂਕਿ 1294 ਕਿਲੋਮੀਟਰ ਮਾਰਗ ਪਹਿਲਾਂ ਹੀ ਕੌਮੀ ਮਾਰਗ ਹੈ। ਕਈ ਸਰਕਾਰਾਂ ਨੇ ਇਸ ਕੰਮ ਸਿਰੇ ਲਗਾਉਣ ਦੇ ਐਲਾਨ ਕੀਤੇ, ਪਰ ਅੱਜ 12 ਸਾਲ ਬਾਅਦ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਪਹਿਲੀ ਪਾਰੀ ਦੌਰਾਨ 21 ਜੂਨ 2006 ਨੂੰ ਗੁਰੂ ਗੋਬਿੰਦ ਸਿੰਘ ਮਾਰਗ ਦਾ ਦਮਦਮਾ ਸਾਹਿਬ ਤੋਂ ਨਾਂਦੇੜ ਸਾਹਿਬ ਤਕ ਵਿਸਥਾਰ ਕਰਨ ਦਾ ਐਲਾਨ ਕੀਤਾ ਸੀ ਪਰ ਨਹੀਂ ਹੋ ਸਕਿਆ।

ਫਿਰ ਹਕੂਮਤ ਬਦਲੀ ਤਾਂ 26 ਜੁਲਾਈ 2007 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਰਗ ਦੇ ਵਿਸਥਾਰ ਦਾ ਐਲਾਨ ਕਰ ਦਿਤਾ, ਫਿਰ ਵੀ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਇਸ ਤੋਂ ਬਾਅਦ ਤਤਕਾਲੀ ਸੈਰ ਸਪਾਟਾ ਮੰਤਰੀ ਅੰਬਿਕਾ ਸੋਨੀ ਨੇ ਗੁਰਤਾ ਗੱਦੀ ਦਿਵਸ ਨੇੜੇ 26 ਦਸੰਬਰ 2007 ਨੂੰ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ, ਫਿਰ ਵੀ ਇਸ ਮੰਗ ਨੂੰ ਬੂਰ ਨਹੀਂ ਪੈ ਸਕਿਆ। ਇਸ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 30 ਨਵੰਬਰ 2015 ਨੂੰ ਇਸ ਮਾਰਗ ਨੂੰ ਕੌਮੀ ਮਾਰਗ ਬਣਾਏ ਜਾਣ ਨੂੰ ਹਰੀ ਝੰਡੀ ਦਿਤੀ।

ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਝੱਟ ਪ੍ਰਾਜੈਕਟ ਬਣਾ ਕੇ ਕੇਂਦਰ ਨੂੰ ਭੇਜ ਦਿਤਾ ਸੀ। ਪਰ ਫਿਰ ਵੀ ਇਸ ਮਾਰਗ ਦੀ ਗੱਲ ਕਿਸੇ ਸਿਰੇ ਨਹੀਂ ਲੱਗ ਸਕੀ। ਪਹਿਲਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਆਖਦੀ ਸੀ ਕਿ ਇਹ ਕੇਂਦਰ ਦੀ ਯੂਪੀਏ ਸਰਕਾਰ ਵਲੋਂ ਡਾਹੇ ਜਾ ਰਹੇ ਅੜਿੱਕੇ ਕਾਰਨ ਨਹੀਂ ਹੋ ਰਿਹਾ, ਅਤੇ ਹੁਣ ਪੰਜਾਬ ਦੀ ਕਾਂਗਰਸ ਸਰਕਾਰ ਆਖ ਰਹੀ ਹੈ ਕਿ ਇਸ ਵਿਚ ਕੇਂਦਰ ਦੀ ਭਾਜਪਾ ਸਰਕਾਰ ਅੜਿੱਕੇ ਡਾਹ ਰਹੀ ਹੈ। ਭਾਵੇਂ ਕਿ ਪੰਜਾਬ ਸਰਕਾਰ ਦੇ ਨੇਤਾਵਾਂ ਅਤੇ ਧਾਰਮਿਕ ਆਗੂਆਂ ਵਲੋਂ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਉਠਾਉਣ ਦੀ ਗੱਲ ਆਖੀ ਜਾ ਰਹੀ ਹੈ ਪਰ ਦੇਖਣਾ ਇਹ ਹੋਵੇਗਾ ਕਿ ਇਹ ਮਾਮਲਾ ਸਿਰੇ ਕਦੋਂ ਚੜ੍ਹਦਾ ਹੈ?