ਇਨਸਾਫ਼ ਮੋਰਚੇ ਦੇ ਆਗੂਆਂ ਵਲੋਂ ਗੋਬਿੰਦ ਸਿੰਘ ਲੌਂਗੋਵਾਲ ਦੀ ਨਿਯੁਕਤੀ ਸਿਰੇ ਤੋਂ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨਸਾਫ਼ ਮੋਰਚੇ ਦੇ ਆਗੂਆਂ ਨੇ 166ਵੇਂ ਦਿਨ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਨਿਯੁਕਤੀ ਨੂੰ ਰੱਦ ਕਰਦਿਆਂ..........

Bargari Morcha

ਕੋਟਕਪੂਰਾ : ਇਨਸਾਫ਼ ਮੋਰਚੇ ਦੇ ਆਗੂਆਂ ਨੇ 166ਵੇਂ ਦਿਨ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਨਿਯੁਕਤੀ ਨੂੰ ਰੱਦ ਕਰਦਿਆਂ ਜਿਥੇ ਬਾਦਲਾਂ ਨੂੰ ਪੰਥ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਗਰਦਾਨਿਆ ਉਥੇ ਬੀਬੀ ਜਗੀਰ ਕੌਰ ਨੂੰ ਕੁੜੀਮਾਰ ਤੇ ਸਜ਼ਾਯਾਫ਼ਤਾ ਦਸਦਿਆਂ ਬੀਬੀ ਜਗੀਰ ਕੌਰ ਤੋਂ ਲੌਂਗੋਵਾਲ ਦਾ ਨਾਮ ਪੇਸ਼ ਕਰਾਉਣ ਨੂੰ ਵੀ ਸ਼ਰਮਨਾਕ ਆਖਿਆ। ਭਾਈ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਸਿਰੇ ਤੋਂ ਰੱਦ ਕਰ ਕੇ ਬਾਦਲਾਂ ਦੇ ਲਿਫ਼ਾਫ਼ਾ ਕਲਚਰ ਦੀ ਸਖ਼ਤ ਸ਼ਬਦਾਂ 'ਚ ਨੁਕਤਾਚੀਨੀ ਕਰਦਿਆਂ ਆਖਿਆ

ਕਿ ਬਾਦਲਾਂ ਨੇ ਇਕ ਸਾਲ ਲਈ ਹੋਰ ਸ਼੍ਰੋਮਣੀ ਕਮੇਟੀ ਨੂੰ ਸੌਦਾ ਸਾਧ ਦੇ ਹਵਾਲੇ ਕਰਨ ਦੀ ਜੋ ਕਰਤੂਤ ਕੀਤੀ ਹੈ, ਉਸ ਨੂੰ ਸੰਗਤਾਂ ਕਦੇ ਪ੍ਰਵਾਨ ਨਹੀਂ ਕਰਨਗੀਆਂ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਹਾਨ ਸੰਸਥਾ ਹੈ ਪਰ ਬਾਦਲਾਂ ਨੇ ਇਸ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਲੰਕਿਤ ਕਰ ਕੇ ਰੱਖ ਦਿਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਬੀਬੀ ਜਗੀਰ ਕੌਰ ਵਲੋਂ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕਰਨਾ ਤਾਂ ਨਿੰਦਣਯੋਗ ਕਾਰਵਾਈ ਹੈ ਹੀ ਪਰ ਉਥੇ ਬੈਠੇ ਸਿੱਖ ਸ਼ਕਲਾਂ ਵਾਲਿਆਂ ਵਲੋਂ ਇਸ ਦਾ ਵਿਰੋਧ ਨਾ ਕਰਨਾ ਹੋਰ ਵੀ ਦੁਖਦਾਈ ਤੇ ਅਫ਼ਸੋਸਨਾਕ ਹੈ। 

ਉਨ੍ਹਾਂ ਬਾਦਲਾਂ ਸਮੇਤ ਹੋਰ ਪੰਥਕ ਆਗੂਆਂ ਨੂੰ ਸਵਾਲ ਕੀਤਾ ਕਿ ਕੀ ਹੁਣ ਸਿੱਖਾਂ ਦੀ ਮਹਾਨ ਸੰਸਥਾ ਦੇ ਪ੍ਰਧਾਨ ਦਾ ਨਾਮ ਦੁਨਿਆਵੀ ਅਦਾਲਤ ਵਲੋਂ ਸਜ਼ਾਯਾਫ਼ਤਾ ਜਗੀਰ ਕੌਰ ਵਰਗੇ ਪੇਸ਼ ਕਰਿਆ ਕਰਨਗੇ? ਉਨ੍ਹਾਂ ਆਖਿਆ ਕਿ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਦਾ ਸਾਧ ਕੋਲੋਂ ਵੋਟਾਂ ਮੰਗਣ ਦੇ ਦੋਸ਼ 'ਚ ਅਕਾਲ ਤਖ਼ਤ 'ਤੇ ਤਲਬ ਕੀਤਾ ਗਿਆ ਸੀ ਤੇ ਹੁਣ ਜਦੋਂ ਦੁਨੀਆਂ ਭਰ ਦੇ ਪੰਥਕ ਵਿਦਵਾਨਾਂ, ਸਿੱਖ ਇਤਿਹਾਸਕਾਰਾਂ ਅਤੇ ਪੰਥਦਰਦੀਆਂ ਨੇ ਗੋਬਿੰਦ ਸਿੰਘ ਲੌਂਗੋਵਾਲ ਦੇ ਰਾਜਨੀਤਕ ਬਾਈਕਾਟ ਦਾ ਸੱਦਾ ਦਿਤਾ ਗਿਆ ਸੀ ਤਾਂ ਫਿਰ ਸੌਦਾ ਸਾਧ ਦੇ ਪੈਰੋਕਾਰ ਲੌਂਗੋਵਾਲ ਨੂੰ ਲਿਫ਼ਾਫ਼ੇ 'ਚੋਂ ਕਢਣਾ ਬਾਦਲਾਂ ਦੀ ਸਿੱਖ ਕੌਮ ਨੂੰ ਚਿੜਾਉਣ ਵਾਲੀ ਗੱਲ ਹੈ।

ਭਾਈ ਦਾਦੂਵਾਲ ਨੇ ਆਖਿਆ ਕਿ ਜਦੋਂ ਦੁਨੀਆਂ ਭਰ 'ਚ ਵਸਦੀ ਸਿੱਖ ਕੌਮ ਵਲੋਂ ਬਾਦਲ ਪਰਵਾਰ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾ ਚੁਕਾ ਹੈ, ਕਿਉਂਕਿ ਬਾਦਲ ਪਰਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਨਿਰਦੋਸ਼ ਸਿੱਖਾਂ ਦੇ ਕਤਲਾਂ ਦੇ ਦੋਸ਼ੀ ਹਨ ਤਾਂ ਉਨ੍ਹਾਂ ਕੋਲ ਇਸ ਤਰ੍ਹਾਂ ਲਿਫ਼ਾਫ਼ਾ ਕਲਚਰ ਲਾਗੂ ਕਰਨ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਕਿਉਂਕਿ ਬਾਦਲਾਂ ਵਲੋਂ ਸ਼ੁਰੂ ਕੀਤਾ ਗਿਆ ਲਿਫ਼ਾਫ਼ਾ ਕਲਚਰ ਸਿੱਖ ਕੌਮ ਕਦੇ ਪ੍ਰਵਾਨ ਨਹੀਂ ਕਰੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬੂਟਾ ਸਿੰਘ ਰਣਸੀਂਹ, ਜਸਕਰਨ ਸਿੰਘ, ਬਲਕਾਰ ਸਿੰਘ, ਅਮਰਜੀਤ ਸਿੰਘ, ਗੁਰਸੇਵਕ ਸਿੰਘ, ਖੜਕ ਸਿੰਘ, ਮੱਖਣ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। 

Related Stories