ਕੜਾਕੇ ਦੀ ਠੰਢ ਨੇ ਲੋਕਾਂ ਦੇ ਕੱਢੇ ਵੱਟ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਮੁੱਚੇ ਉੱਤਰ ਭਾਰਤ ਵਿਚ ਕਹਿਰ ਬਰਸਾ ਰਹੀ ਠੰਢ ਕਾਰਨ ਪਿਛਲੇ ਦੋ ਦਿਨਾਂ ਦੌਰਾਨ ਲੁਧਿਆਣਾ ਵਿਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ

Photo

ਨਵੀਂ ਦਿੱਲੀ: ਸਮੁੱਚੇ ਉੱਤਰ ਭਾਰਤ ਵਿਚ ਕਹਿਰ ਬਰਸਾ ਰਹੀ ਠੰਢ ਕਾਰਨ ਪਿਛਲੇ ਦੋ ਦਿਨਾਂ ਦੌਰਾਨ ਲੁਧਿਆਣਾ ਵਿਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੈਦਾਨੀ ਇਲਾਕੇ ਪਹਾੜਾਂ ਨਾਲੋਂ ਵੀ ਠੰਡੇ ਹੋ ਗਏ ਹਨ। ਹਿਮਾਚਲ ਪ੍ਰਦੇਸ਼ ਵਿਚ ਦਿਨ ਦੇ ਸਮੇਂ ਧੁੱਪ ਨੇ ਠੰਡ ਤੋਂ ਰਾਹਤ ਦਿੱਤੀ ਹੈ, ਪਰ ਮੈਦਾਨ ਵਿਚ ਧੁੰਦ ਅਤੇ ਬਹੁਤ ਜ਼ਿਆਦਾ ਠੰਢ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ।

ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਖੇਤਰ ਵਿਚ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਪੰਜਾਬ ਦਾ ਬਠਿੰਡਾ ਜ਼ਿਲ੍ਹਾ ਸਭ ਤੋਂ ਜ਼ਿਆਦਾ ਠੰਢਾ ਰਿਹਾ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਪਿਛਲੇ ਦਸ ਦਿਨਾਂ ਤੋਂ ਭਾਰੀ ਠੰਢ ਦਾ ਕਹਿਰ ਜਾਰੀ ਹੈ ਅਤੇ ਦਿਨ ਦਾ ਤਾਪਮਾਨ ਤੇਜ਼ੀ ਨਾਲ ਘੱਟ ਕੇ 9 ਡਿਗਰੀ ਰਹਿ ਗਿਆ ਹੈ।

ਖੇਤਰ ਵਿਚ 29 ਦਸੰਬਰ ਤੱਕ ਤੇਜ਼ ਸਰਦੀ ਦਾ ਸਾਹਮਣਾ ਕਰਨਾ ਪਵੇਗਾ। ਉੱਤਰ ਪੱਛਮੀ ਖੇਤਰ ਵਿਚ ਅਗਲੇ ਚਾਰ ਦਿਨਾਂ ਵਿਚ ਭਾਰੀ ਠੰਢ ਅਤੇ ਭਾਰੀ ਧੁੰਦ ਦੀ ਚਿਤਾਵਨੀ ਦਿੱਤੀ ਗਈ ਹੈ। ਹਰਿਆਣਾ ਦੇ ਦੱਖਣੀ ਹਿੱਸੇ ਵਿਚ ਸ਼ੀਤ ਲਹਿਰ ਜਾਰੀ ਹੈ। ਹਰਿਆਣਾ ਵਿਚ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਭਾਰੀ ਠੰਡ ਕਾਰਨ ਛੁੱਟੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿਚ 15 ਜਨਵਰੀ ਤੋਂ ਬਾਅਦ ਸਕੂਲ ਖੁੱਲ੍ਹਣਗੇ ਅਤੇ ਚੰਡੀਗੜ੍ਹ ਵਿਚ ਵੀ ਛੁੱਟੀਆਂ ਰਹਿਣਗੀਆਂ।

ਵੀਰਵਾਰ ਨੂੰ ਇਸ ਵਿਚ ਖੇਤਰ ਧੁੰਦ ਤੋਂ ਕੁਝ ਰਾਹਤ ਮਿਲੀ ਅਤੇ ਹਵਾਈ, ਰੇਲ ਅਤੇ ਸੜਕ ਸੇਵਾਵਾਂ ਸਧਾਰਣ ਰਹੀਆਂ। ਦਹਾਕਿਆਂ ਬਾਅਦ ਲੋਕ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਹਿਮਾਚਲ ਪ੍ਰਦੇਸ਼ ਵਿਚ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਹੈ ਅਤੇ ਬਰਫੀਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਪੈ ਰਿਹਾ ਹੈ।

ਵੀਰਵਾਰ ਸਵੇਰੇ ਦਿੱਲੀ 5.8 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਬਹੁਤ ਠੰਡੀ ਰਹੀ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਘੱਟੋ ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਦੋ ਡਿਗਰੀ ਘੱਟ ਸੀ। ਨਮੀ ਦਾ ਪੱਧਰ 97 ਪ੍ਰਤੀਸ਼ਤ ਸੀ। ਸਵੇਰੇ ਸ਼ਹਿਰ ਵਿਚ ਧੁੰਦ ਪੈ ਰਹੀ ਸੀ। ਹਵਾ ਦੀ ਗੁਣਵੱਤਾ ਦਾ ਇੰਡੈਕਸ 331 ਦਰਜ ਕੀਤਾ ਗਿਆ ਸੀ ਜੋ 'ਬਹੁਤ ਮਾੜੀ' ਸ਼੍ਰੇਣੀ ਵਿਚ ਆਉਂਦਾ ਹੈ। ਇਕ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਧੁੰਦ ਕਾਰਨ 25 ਤੋਂ ਵੱਧ ਰੇਲ ਗੱਡੀਆਂ ਦੋ ਘੰਟੇ ਤੋਂ ਸਾਢੇ ਛੇ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ।