ਤਿੱਖੇ ਚਾਕੂ ਰੱਖਣ ਦਾ ਬਿਆਨ - ਕਾਂਗਰਸ ਵੱਲੋਂ ਪ੍ਰੱਗਿਆ ਠਾਕੁਰ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਵੱਲੋਂ ਬਚਾਅ, ਕਿਹਾ ਇਹ ਬਿਆਨ ਔਰਤਾਂ ਦੀ ਆਤਮ ਰੱਖਿਆ ਲਈ ਦਿੱਤਾ ਗਿਆ ਸੀ

Representative Image

 

ਭੋਪਾਲ - ਮੱਧ ਪ੍ਰਦੇਸ਼ ਕਾਂਗਰਸ ਨੇ ਮੰਗ ਕੀਤੀ ਹੈ ਕਿ ਭੋਪਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਵੱਲੋਂ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੇ ਘਰਾਂ ਵਿੱਚ ਚਾਕੂ ਤੇਜ਼ ਰੱਖਣ ਲਈ ਕਹਿਣ ਵਾਲੇ ਬਿਆਨ ਲਈ ਉਸ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਹੋਣਾ ਚਾਹੀਦਾ ਹੈ, ਜਦਕਿ ਭਾਜਪਾ ਨੇ ਬਿਆਨ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਇਹ ਬਿਆਨ ਔਰਤਾਂ ਦੀ ਆਤਮ ਰੱਖਿਆ ਲਈ ਦਿੱਤਾ ਗਿਆ ਸੀ।

ਕਰਨਾਟਕ ਦੇ ਸ਼ਿਵਮੋਗਾ ਵਿੱਚ ਐਤਵਾਰ ਨੂੰ 'ਹਿੰਦੂ ਕਾਰਕੁੰਨਾਂ ਦੇ ਕਤਲ' ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇੱਕ ਸਮਾਗਮ ਵਿੱਚ ਬੋਲਦਿਆਂ ਠਾਕੁਰ ਨੇ ਕਿਹਾ ਸੀ ਕਿ ਹਿੰਦੂਆਂ ਨੂੰ ਉਨ੍ਹਾਂ 'ਤੇ ਅਤੇ ਉਨ੍ਹਾਂ ਦੀ ਇੱਜ਼ਤ 'ਤੇ ਹਮਲਾ ਕਰਨ ਵਾਲਿਆਂ ਨੂੰ ਜਵਾਬ ਦੇਣ ਦਾ ਅਧਿਕਾਰ ਹੈ। ਇੱਕ ਵਿਵਾਦਪੂਰਨ ਬਿਆਨ ਵਿੱਚ, ਉਸ ਨੇ ਭਾਈਚਾਰੇ ਦੇ ਮੈਂਬਰਾਂ ਨੂੰ 'ਆਪਣੇ ਘਰਾਂ ਵਿੱਚ ਤਿੱਖੇ ਚਾਕੂ' ਰੱਖਣ ਲਈ ਕਿਹਾ ਕਿਉਂਕਿ 'ਹਰ ਕਿਸੇ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ।'

ਮੱਧ ਪ੍ਰਦੇਸ਼ ਕਾਂਗਰਸ ਦੇ ਮੀਡੀਆ ਵਿਭਾਗ ਦੇ ਪ੍ਰਧਾਨ ਕੇ.ਕੇ. ਮਿਸ਼ਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਹੁਣ ਠਾਕੁਰ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਉਸ ਨੇ ਲੋਕਾਂ ਨੂੰ ਹਿੰਸਾ ਲਈ ਉਕਸਾਇਆ ਹੈ।

ਪ੍ਰੱਗਿਆ 'ਤੇ ਤੰਜ ਕਸਦੇ ਹੋਏ ਉਨ੍ਹਾਂ ਕਿਹਾ, "ਪ੍ਰਗਿਆ ਦਾ ਇਹ ਬਿਆਨ ਸ਼ਲਾਘਾਯੋਗ ਹੈ ਕਿਉਂਕਿ ਘੱਟੋ-ਘੱਟ ਉਹ (ਪ੍ਰੱਗਿਆ) ਹੱਥ 'ਚ ਬੰਬ ਫ਼ੜਨ ਤੋਂ ਬਾਅਦ ਚਾਕੂ 'ਤੇ ਤਾਂ ਆਈ।" 

ਜ਼ਿਕਰਯੋਗ ਹੈ ਕਿ ਪ੍ਰੱਗਿਆ ਠਾਕੁਰ 29 ਸਤੰਬਰ 2008 ਦੇ ਮਾਲੇਗਾਓਂ ਧਮਾਕਾ ਮਾਮਲੇ ਦੀ ਦੋਸ਼ੀ ਹੈ। ਇਸ ਘਟਨਾ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸੀ।

ਮਿਸ਼ਰਾ ਨੇ ਕਿਹਾ, ''ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਅਤੇ ਠਾਕੁਰ ਦੀਆਂ ਹਰਕਤਾਂ ਇੱਕੋ ਜਿਹੀਆਂ ਹਨ।"

ਸੰਸਦ ਮੈਂਬਰ ਦੀ ਟਿੱਪਣੀ ਬਾਰੇ ਸੰਪਰਕ ਕਰਨ 'ਤੇ ਪ੍ਰਦੇਸ਼ ਭਾਜਪਾ ਦੇ ਬੁਲਾਰੇ ਪੰਕਜ ਚਤੁਰਵੇਦੀ ਨੇ ਕਿਹਾ ਕਿ ਠਾਕੁਰ ਬੇਰਹਿਮੀ ਨਾਲ ਕਤਲ ਕੀਤੀ ਗਈ ਲੜਕੀ ਦੇ ਪਰਿਵਾਰ ਨੂੰ ਮਿਲਣ ਗਈ ਹੋਈ ਸੀ। 

ਉਸ ਨੇ ਕਿਹਾ, "ਅਸੀਂ ਦੇਖ ਰਹੇ ਹਾਂ ਕਿ ਸਾਡੀਆਂ ਧੀਆਂ-ਭੈਣਾਂ ਨੂੰ ਦੇਸ਼ ਵਿੱਚ ਕਈ ਥਾਵਾਂ 'ਤੇ 'ਲਵ ਜਿਹਾਦ' ਦੀ ਖਾਤਰ ਅਣਮਨੁੱਖੀ ਸਲੂਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਟੁਕੜੇ ਕੀਤੇ ਜਾ ਰਹੇ ਹਨ। ਠਾਕੁਰ ਦਾ ਇਹ ਕਥਨ ਕਿਸੇ ਧਰਮ ਨਾਲ ਸੰਬੰਧਿਤ ਨਹੀਂ ਹੈ, ਬਲਕਿ ਆਤਮ ਰੱਖਿਆ ਲਈ ਸਾਰੀਆਂ ਭੈਣਾਂ-ਧੀਆਂ ਦੀ ਮਾਨਸਿਕ ਸ਼ਕਤੀ ਨਾਲ ਸੰਬੰਧਿਤ ਹੈ।"

'ਹਿੰਦੂ ਜਾਗਰਣ ਵੇਦਿਕਾ', ਦੱਖਣੀ ਜ਼ੋਨ ਦੇ ਸਾਲਾਨਾ ਸਮਾਗਮ 'ਚ ਬੋਲਦਿਆਂ ਠਾਕੁਰ ਨੇ ਕਿਹਾ ਸੀ, "ਸੰਨਿਆਸੀ ਕਹਿੰਦੇ ਹਨ ਕਿ ਪਰਮਾਤਮਾ ਦੇ ਬਣਾਏ ਇਸ ਸੰਸਾਰ 'ਚ ਸਾਰੇ ਜ਼ਾਲਮਾਂ ਅਤੇ ਪਾਪੀਆਂ ਦਾ ਅੰਤ ਕਰੋ, ਨਹੀਂ ਤਾਂ ਇੱਥੇ ਪਿਆਰ ਦੀ ਅਸਲ ਪਰਿਭਾਸ਼ਾ ਨਹੀਂ ਬਚੇਗੀ। ਇਸ ਲਈ ਲਵ ਜਿਹਾਦ 'ਚ ਸ਼ਾਮਲ ਲੋਕਾਂ ਨੂੰ ਵੀ ਇਸੇ ਤਰ੍ਹਾਂ ਜਵਾਬ ਦਿਓ। ਆਪਣੀਆਂ ਧੀਆਂ ਦੀ ਰਾਖੀ ਕਰੋ, ਉਨ੍ਹਾਂ ਨੂੰ ਸਹੀ ਕਦਰਾਂ-ਕੀਮਤਾਂ ਸਿਖਾਓ।"

ਪ੍ਰੱਗਿਆ ਨੇ ਸ਼ਿਵਮੋਗਾ ਵਿੱਚ ਹਿੰਦੂ ਕਾਰਕੁਨਾਂ ਦੀ ਹੱਤਿਆ ਦੀਆਂ ਘਟਨਾਵਾਂ ਵੱਲ ਇਸ਼ਾਰਾ ਕਰਦੇ ਹੋਏ ਲੋਕਾਂ ਨੂੰ ਸਵੈ-ਰੱਖਿਆ ਲਈ 'ਆਪਣੇ ਘਰਾਂ ਵਿੱਚ ਤਿੱਖੇ ਚਾਕੂ' ਰੱਖਣ ਲਈ ਕਿਹਾ ਸੀ।

ਉਸ ਨੇ ਕਿਹਾ ਸੀ, ''ਆਪਣੇ ਘਰਾਂ 'ਚ ਹਥਿਆਰ ਰੱਖੋ। ਜੇ ਹੋਰ ਕੁਝ ਨਹੀਂ ਤਾਂ ਘੱਟੋ-ਘੱਟ ਉਨ੍ਹਾਂ ਚਾਕੂਆਂ ਦੀ ਹੀ ਧਾਰ ਤੇਜ਼ ਰੱਖੋ ਜਿਹੜੇ ਸਬਜ਼ੀਆਂ ਕੱਟਣ ਲਈ ਵਰਤੇ ਜਾਂਦੇ ਹਨ... ਮੈਨੂੰ ਨਹੀਂ ਪਤਾ ਕਿ ਕਿਹੜੀ ਸਥਿਤੀ ਕਦੋਂ ਪੈਦਾ ਹੋਵੇਗੀ... ਹਰ ਕਿਸੇ ਨੂੰ ਸਵੈ-ਰੱਖਿਆ ਦਾ ਅਧਿਕਾਰ ਹੈ। ਜੇਕਰ ਕੋਈ ਸਾਡੇ ਘਰ 'ਚ ਦਾਖਲ ਹੋ ਕੇ ਸਾਡੇ 'ਤੇ ਹਮਲਾ ਕਰਦਾ ਹੈ ਤਾਂ ਇਸ ਦਾ ਢੁਕਵਾਂ ਜਵਾਬ ਦੇਣਾ ਸਾਡਾ ਅਧਿਕਾਰ ਹੈ।''