ਸ਼ਹਿਰਾਂ ਦੇ ਨਾਂਅ ਬਦਲਣ ਦਾ ਸਿਲਸਿਲਾ - ਦੋ ਹੋਰ ਥਾਵਾਂ ਦੇ ਬਦਲੇ ਜਾਣਗੇ ਨਾਂਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰਾਲੇ ਵੱਲੋਂ ਮਨਜ਼ੂਰੀ, ਐਨ.ਓ.ਸੀ. ਜਾਰੀ 

Representational Image

 

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰਾਲੇ ਨੇ ਉੱਤਰ ਪ੍ਰਦੇਸ਼ ਸਰਕਾਰ ਦੀਆਂ ਸਿਫ਼ਾਰਿਸ਼ਾਂ ਤੋਂ ਬਾਅਦ ਸੂਬੇ ਵਿੱਚ ਦੋ ਥਾਵਾਂ ਦੇ ਨਾਂਅ ਬਦਲਣ 'ਤੇ ਆਪਣੀ ਸਹਿਮਤੀ ਦੇ ਦਿੱਤੀ ਹੈ।

ਇੱਕ ਅਧਿਕਾਰੀ ਨੇ ਦੱਸਿਆ ਕਿ ਮੰਤਰਾਲੇ ਨੇ ਗੋਰਖਪੁਰ ਜ਼ਿਲ੍ਹੇ ਦੀ ਨਗਰ ਕੌਂਸਲ 'ਮੁੰਡੇਰਾ ਬਾਜ਼ਾਰ' ਦਾ ਨਾਂ 'ਚੌਰੀ-ਚੌਰਾ' ਅਤੇ ਦੇਵਰੀਆ ਜ਼ਿਲ੍ਹੇ ਦੇ 'ਤੇਲੀਆ ਅਫ਼ਗਾਨ' ਪਿੰਡ ਦਾ ਨਾਂਅ ਬਦਲ ਕੇ ਦੇਵਰੀਆ 'ਚ 'ਤੇਲੀਆ ਸ਼ੁਕਲਾ' ਕਰਨ ਲਈ 'ਕੋਈ ਇਤਰਾਜ਼ ਨਹੀਂ' ਸਰਟੀਫ਼ਿਕੇਟ (ਐਨ.ਓ.ਸੀ.) ਜਾਰੀ ਕਰ ਦਿੱਤਾ ਦਿੱਤਾ ਹੈ। 

ਗ੍ਰਹਿ ਮੰਤਰਾਲਾ ਨਾਂਅ ਬਦਲਣ ਦੇ ਪ੍ਰਸਤਾਵਾਂ 'ਤੇ ਸੰਬੰਧਿਤ ਏਜੰਸੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਮੌਜੂਦਾ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਚਾਰ ਕਰਦਾ ਹੈ।

ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਕਿਸੇ ਵੀ ਥਾਂ ਦਾ ਨਾਂਅ ਬਦਲਣ ਲਈ ਰੇਲ ਮੰਤਰਾਲਾ, ਡਾਕ ਵਿਭਾਗ ਅਤੇ ਭਾਰਤੀ ਸਰਵੇਖਣ ਵਿਭਾਗ ਤੋਂ ਸਹਿਮਤੀ ਲੈਣ ਉਪਰੰਤ 'ਕੋਈ ਇਤਰਾਜ਼ ਨਹੀਂ' (ਐਨ.ਓ.ਸੀ.) ਸਰਟੀਫ਼ਿਕੇਟ ਦਿੰਦਾ ਹੈ। ਕਿਸੇ ਪਿੰਡ, ਕਸਬੇ ਜਾਂ ਸ਼ਹਿਰ ਦਾ ਨਾਂ ਬਦਲਣ ਲਈ ਕਾਰਜਕਾਰੀ ਹੁਕਮ ਦੀ ਲੋੜ ਹੁੰਦੀ ਹੈ।

ਅਧਿਕਾਰੀ ਨੇ ਕਿਹਾ ਕਿ ਕਿਸੇ ਸੂਬੇ ਦਾ ਨਾਂਅ ਬਦਲਣ ਲਈ ਸੰਸਦ ਵਿੱਚ ਸਧਾਰਨ ਬਹੁਮਤ ਨਾਲ ਸੰਵਿਧਾਨ 'ਚ ਸੋਧ ਦੀ ਲੋੜ ਹੁੰਦੀ ਹੈ।