ਬਾਂਦਰ ਦੀ ਜਾਨ ਬਚਾਉਣ ਲਈ ਆਟੋ ਚਾਲਕ ਨੇ ਛੱਡੀ ਇਕ ਦਿਨ ਦੀ ਕਮਾਈ
ਰਾਏ ਅਪਣੇ ਦੋਸਤਾਂ ਨਾਲ ਇਸ ਬਾਂਦਰ ਨੂੰ ਲੈ ਕੇ ਡਾਕਟਰ ਕੋਲ ਪੁੱਜੇ। ਇਸ ਦੇ ਲਈ ਉਹਨਾਂ ਨੇ ਸਾਰੇ ਦਿਨ ਦੇ ਅਪਣੇ ਕੰਮ ਨੂੰ ਛੱਡ ਦਿਤਾ।
ਮੁੰਬਈ : ਮੁੰਬਈ ਆਟੋ ਰਿਕਸ਼ਾ ਚਾਲਕ ਨੇ ਇਕ ਬਾਂਦਰ ਦੀ ਜਾਨ ਬਚਾਈ। ਬਿਜਲੀ ਦਾ ਕਰੰਟ ਲਗਣ ਕਾਰਨ ਇਸ ਬਾਂਦਰ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਜਦ ਆਟੋ ਚਾਲਕ ਨੇ ਇਸ ਬੇਜ਼ੁਬਾਨ ਨੂੰ ਦਰਦਨਾਕ ਹਾਲਤ ਵਿਚ ਦੇਖਿਆ ਤਾਂ ਉਹ ਤੁਰਤ ਅਪਣੇ ਸਾਰੇ ਦਿਨ ਦਾ ਕੰਮ ਛੱਡ ਕੇ ਬਾਂਦਰ ਨੂੰ ਜਾਨਵਰਾਂ ਦੇ ਡਾਕਟਰ ਕੋਲ ਲੈ ਗਿਆ । ਮਾਨਖੁਰਦ ਦੇ 23 ਸਾਲ ਦੇ ਆਟੋ ਚਾਲਕ ਦਿਲੀਪ ਰਾਏ
ਨੇ ਦੱਸਿਆ ਕਿ ਉਹਨਾਂ ਨੇ ਇਸ ਬਾਂਦਰ ਨੂੰ ਇਲਾਕੇ ਵਿਚ ਨਵੰਬਰ 2018 ਦੌਰਾਨ ਦੇਖਿਆ ਸੀ। ਆਟੋ ਰਿਕਸ਼ਾ ਸਟੈਂਡ ਕੋਲ ਸਾਂਈ ਬਾਬਾ ਮੰਦਰ ਹੈ ਅਤੇ ਉਥੇ ਹੀ ਨੇੜੇ ਇਕ ਦਰਖ਼ਤ 'ਤੇ ਉਸ ਨੇ ਅਪਣਾ ਟਿਕਾਣਾ ਬਣਾਇਆ ਹੋਇਆ ਹੈ। ਬਹੁਤ ਸਾਰੇ ਲੋਕ ਉਸ ਨੂੰ ਖਾਣ ਪੀਣ ਦੀਆਂ ਚੀਜ਼ਾਂ ਦਿੰਦੇ ਸਨ। ਤਿੰਨ ਦਿਨ ਪਹਿਲਾਂ ਇਹ ਬਾਂਦਰ ਅਚਾਨਕ ਗਾਇਬ ਹੋ ਗਿਆ।
ਉਸ ਤੋਂ ਬਾਅਦ ਜਦ ਉਹਨਾਂ ਨੇ ਉਸ ਬਾਂਦਰ ਨੂੰ ਦੇਖਿਆ ਤਾਂ ਉਸ ਦੀ ਹਾਲਤ ਬੁਹਤ ਖਰਾਬ ਸੀ ਅਤੇ ਉਹ ਤੁਰਨ ਵਿਚ ਵੀ ਅਸਮਰਥ ਸੀ। ਰਾਏ ਅਪਣੇ ਦੋਸਤਾਂ ਨਾਲ ਇਸ ਬਾਂਦਰ ਨੂੰ ਲੈ ਕੇ ਡਾਕਟਰ ਕੋਲ ਪੁੱਜੇ। ਉਹ 14 ਕਿਲੋਮੀਟਰ ਦੂਰ ਬਾਂਦਰਾ ਗਏ ਅਤੇ ਇਸ ਦੇ ਲਈ ਉਹਨਾਂ ਨੇ ਸਾਰੇ ਦਿਨ ਦੇ ਅਪਣੇ ਕੰਮ ਨੂੰ ਛੱਡ ਦਿਤਾ। ਇਕ ਦਿਨ ਪੂਰਾ ਕੰਮ ਨਾ ਕਰਨਾ ਆਟੋ ਚਾਲਕ ਲਈ ਵੱਡੀ ਗੱਲ ਹੁੰਦੀ ਹੈ ਕਿਉਂਕਿ ਨਾਲ ਉਸ ਦੀ ਕਮਾਈ ਪ੍ਰਭਾਵਿਤ ਹੁੰਦੀ ਹੈ।
ਬਾਂਦਰ ਦਾ ਇਲਾਜ ਕਰਨ ਵਾਲੇ ਡਾ.ਰੀਨਾ ਦੇਵ ਨੇ ਦਿਲੀਪ ਰਾਏ ਅਤੇ ਉਸ ਦੇ ਦੋਸਤਾਂ ਦੀ ਇਨਸਾਨੀਅਤ ਦੀ ਪ੍ਰਸੰਸਾ ਕੀਤੀ। ਬਾਂਦਰ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਰਾਏ ਅਤੇ ਉਸ ਦੇ ਦੋਸਤ ਇਸ ਬਾਂਦਰ ਨੂੰ ਠਾਣੇ ਦੇ ਵਾਈਲਡਲਾਈਫ ਵਾਰਡਨ ਅਤੇ ਮੁਲੁੰਡ ਵਿਚ ਰੇਸਕਿੰਕ ਐਸੋਸੀਏਸ਼ਨ ਫਾਰ ਵਾਈਲਡਨਾਈਫ ਵੈਲਫੇਅਰ ਦੇ ਮੁਖੀ ਪਵਨ ਸ਼ਰਮਾ ਕੋਲ ਵੀ ਲੈ ਕੇ ਗਏ। ਸ਼ਰਮਾ ਨੇ ਕਿਹਾ ਕਿ ਨਾਗਰਿਕਾਂ ਵੱਲੋਂ ਜਾਨਵਰਾਂ ਦੀ ਭਲਾਈ ਹਿੱਤ ਕੀਤੇ ਗਏ ਅਜਿਹੇ ਕੰਮਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।