ਆਰਐਸਐਸ ਵਰਕਰ ਨੇ ਆਪ ਕੀਤੀ ਸੀ ਅਪਣੇ ਕਤਲ ਦੀ ਸਾਜਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰਐਸਐਸ ਵਰਕਰ ਹਿੰਮਤ ਪਾਟੀਦਾਰ ਨੇ ਬੀਮੇ ਦੀ ਰਕਮ ਪਾਉਣ ਲਈ ਅਪਣੇ ਕਤਲ ਦੀ ਸਾਜਸ਼ ਰਚੀ ।

Ratlam murder Case

ਰਤਲਾਮ : ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲੇ ਵਿਚ ਰਾਸ਼ਟਰੀ ਸਵੈ ਸੇਵੀ ਸੰਘ ਦੇ ਵਰਕਰ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ ਜਾਂਚ ਵਿਚ ਪਾਇਆ ਕਿ ਆਰਐਸਐਸ ਵਰਕਰ ਹਿੰਮਤ ਪਾਟੀਦਾਰ ਨੇ ਬੀਮੇ ਦੀ ਰਕਮ ਪਾਉਣ ਲਈ ਅਪਣੇ ਕਤਲ ਦੀ ਸਾਜਸ਼ ਰਚੀ ਅਤੇ ਮਜ਼ਦੂਰ ਮਦਨ ਮਾਲਵੀਆ ਦਾ ਕਤਲ ਕਰ ਕੇ ਉਸ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਸਾੜ ਦਿਤਾ ਤਾਂ ਕਿ ਅਸਾਨੀ ਨਾਲ ਪਛਾਣ ਨਾ ਹੋ ਸਕੇ।

ਪੁਲਿਸ ਅਧਿਕਾਰੀ ਗੌਰਵ ਤਿਵਾੜੀ ਨੇ ਦੱਸਿਆ ਕਿ 23 ਜਨਵਰੀ ਨੂੰ ਬਿਲਪਾਂਕ ਥਾਣੇ ਦੇ ਕਮੇੜ ਪਿੰਡ ਦੇ ਖੇਤ ਵਿਚ ਇਕ ਨੌਜਵਾਨ ਦੀ ਲਾਸ਼ ਮਿਲੀ ਸੀ। ਜਿਸ ਨੂੰ ਹਿੰਮਤ ਪਾਟੀਦਾਰ ਦੀ ਲਾਸ਼ ਦੱਸਿਆ ਗਿਆ ਸੀ। ਹਿੰਮਤ ਦੇ ਪਰਵਾਰ ਵਾਲਿਆਂ ਨੇ ਵੀ ਪਛਾਣ ਕੀਤੀ। ਬਾਅਦ ਵਿਚ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਉਸ ਤੋਂ ਬਾਅਦ ਜੋ ਤੱਥ ਸਾਹਮਣੇ ਆਏ ਉਸ ਨਾਲ ਕਤਲ ਦਾ ਪੂਰਾ ਮਾਮਲਾ ਹੀ ਸ਼ੱਕੀ ਹੋ ਗਿਆ।

ਤਿਵਾੜੀ ਮੁਤਾਬਕ ਜਾਂਚ ਦੌਰਾਨ ਪੁਲਿਸ ਨੂੰ ਪਤਾ ਲਗਾ ਕਿ ਹਿੰਮਤ ਦੇ ਖੇਤ ਵਿਚ ਮਦਨ ਮਾਲਵੀਆ ਨਾਮ ਦਾ ਵਿਅਕਤੀ ਦੋ ਸਾਲਾਂ ਤੋਂ ਮਜ਼ਦੂਰੀ ਕਰਦਾ ਸੀ, ਜੋ ਕਿ 22 ਜਨਵਰੀ ਦੀ ਰਾਤ ਤੋਂ ਲਾਪਤਾ ਹੈ। ਜਦ ਲਾਸ਼ ਤੋਂ ਲਗਭਗ 500 ਮੀਟਰ ਦੂਰ ਬਰਾਮਦ ਹੋਏ ਉਸ ਦੇ ਕਪੜੇ ਅਤੇ ਚੱਪਲਾਂ ਨੂੰ ਜਦ ਮਦਨ ਦੇ ਪਿਤਾ ਨੂੰ ਦਿਖਾਇਆ ਗਿਆ ਤਾਂ ਉਹਨਾਂ ਨੇ ਉਸ ਦੀ ਪਛਾਣ ਕੀਤੀ ਅਤੇ ਇਸ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ।

ਤਿਵਾੜੀ ਨੇ ਦੱਸਿਆ ਕਿ ਜਦ ਮਾਮਲਾ ਸ਼ੱਕੀ ਹੋਇਆ ਤਾਂ ਪੁਲਿਸ ਨੇ ਮ੍ਰਿਤਕ ਦੇ ਕਪੜਿਆਂ ਅਤੇ ਹੋਰ ਸਮੱਗਰੀ ਨੂੰ ਪੋਸਟਮਾਰਟਮ ਤੋਂ ਬਾਅਦ ਸੁਰੱਖਿਅਤ ਰੱੱਖ ਲਿਆ ਸੀ। ਬਾਅਦ ਵਿਚ ਉਸ ਨੂੰ ਸਾਗਰ ਸਥਿਤ ਲੈਬ ਵਿਖੇ ਭੇਜਿਆ ਗਿਆ

ਜਿਥੇ ਜਾਂਚ ਵਿਚ ਪੁਸ਼ਟੀ ਹੋਈ ਕਿ ਲਾਸ਼ ਹਿੰਮਤ ਦੀ ਨਾ ਹੋ ਕੇ ਮਦਨ ਦੀ ਸੀ। ਹਿੰਮਤ ਇਸ ਵੇਲ੍ਹੇ ਫਰਾਰ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਤਿਵਾੜੀ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਿੰਮਤ 'ਤੇ ਬਹੁਤ ਕਰਜ਼ ਸੀ ਅਤੇ ਉਸ ਨੇ ਦੰਸਬਰ 2018 ਵਿਚ ਅਪਣਾ ਬੀਮਾ ਕਰਵਾਇਆ ਸੀ।