ਨਿਰਭਿਆ ਦੇ ਦੋਸ਼ੀ ਦਾ ਦਾਅਵਾ : ਜੇਲ ਅੰਦਰ ਹੋਇਆ ਸੀ 'ਜਿਨਸੀ ਸ਼ੋਸ਼ਣ'!

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਦੋਸ਼ੀ ਦੇ ਵਕੀਲ ਨੇ ਕੀਤਾ ਖੁਲਾਸਾ

file photo

ਨਵੀਂ ਦਿੱਲੀ : ਨਿਰਭਿਆ ਕਾਡ ਦੇ ਦੋਸ਼ੀ ਮੁਕੇਸ਼ ਨੇ ਸਨਸਨੀ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਹੈ ਕਿ ਜੇਲ੍ਹ ਵਿਚ ਉਸ ਦਾ ਜਿਨਸ਼ੀ ਸੋਸ਼ਣ ਹੋਇਆ ਸੀ। ਇਹ ਗੱਲ ਸੁਪਰੀਮ ਕੋਰਟ ਵਿਚ ਪੇਸ਼ ਹੋਏ ਨਿਰਭਿਆ ਦੇ ਦੋਸ਼ੀ ਮੁਕੇਸ਼ ਦੇ ਵਕੀਲ ਅੰਜਨਾ ਪ੍ਰਕਾਸ਼ ਨੇ ਕਹੀ ਹੈ।

ਵਕੀਲ ਅਨੁਸਾਰ ਉਸ ਸਮੇਂ ਜੇਲ੍ਹ ਅਧਿਕਾਰੀ ਮੌਜੂਦ ਸੀ, ਪਰ ਉਸ ਨੇ ਕੋਈ ਮਦਦ ਨਹੀਂ ਕੀਤੀ। ਵਕੀਲ ਅੰਜਨਾ ਪ੍ਰਕਾਸ਼ ਨੇ ਸੁਪਰੀਮ ਕੋਰਟ ਵਿਚ ਬਹਿਸ਼ ਦੌਰਾਨ ਕਿਹਾ ਕਿ ਮੁਕੇਸ਼ ਨੂੰ ਉਸ ਸਮੇਂ ਹਸਪਤਾਲ ਨਹੀਂ ਸੀ ਲਿਜਾਇਆ ਗਿਆ। ਬਾਅਦ ਵਿਚ ਉਸ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ ਸੀ।

ਕਾਬਲੇਗੌਰ ਹੈ ਕਿ ਮੁਕੇਸ਼ ਨੇ ਇਕ ਫ਼ਰਵਰੀ ਵਾਲੇ ਡੈੱਥ ਵਾਰੰਟ ਨੂੰ ਟਾਲਣ ਅਤੇ ਰਾਸ਼ਟਰਪਤੀ ਵਲੋਂ ਰਹਿਮ ਦੀ ਅਪੀਲ ਖਾਰਜ ਹੋਣ ਦੇ ਵਿਰੋਧ ਵਿਚ ਉਚ ਅਦਾਲਤ ਕੋਲ ਗੁਹਾਰ ਲਗਾਈ ਸੀ। ਅਦਾਲਤ ਵਿਚ ਉਸੇ ਮਾਮਲੇ ਦੀ ਸੁਣਵਾਈ ਹੋ ਰਹੀ ਸੀ। ਸੁਪਰੀਮ ਕੋਰਟ ਨੇ ਸੁਣਵਾਈ ਤੋਂ ਬਾਅਦ 29 ਜਨਵਰੀ ਦਿਨ ਬੁੱਧਵਾਰ ਲਈ ਫ਼ੈਸਲਾ ਰਾਖਵਾ ਰੱਖ ਲਿਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਦੋਸ਼ੀ ਮੁਕੇਸ਼ ਦੇ ਵਕੀਲ ਅੰਜਨਾ ਪ੍ਰਕਾਸ਼ ਨੇ ਦਾਅਵਾ ਕੀਤਾ ਹੈ ਕਿ ਮੁਕੇਸ਼ ਨੂੰ ਨਿਰਭਿਆ ਕੇਸ ਦੇ ਇਕ ਹੋਰ ਦੋਸ਼ੀ ਅਕਸ਼ੈ ਨਾਲ ਸਬੰਧ ਬਣਾਉਣ ਲਈ ਮਜਬੂਰ ਕੀਤਾ ਗਿਆ ਸੀ। ਕਾਬਲੇਗੌਰ ਹੈ ਕਿ ਰਾਸ਼ਟਰਪਤੀ ਨੇ ਮੁਕੇਸ਼ ਦੀ ਰਹਿਮ ਦੀ ਅਪੀਲ ਨੂੰ ਰੱਦ ਕਰ ਦਿਤਾ ਹੈ। ਹੁਣ ਉਹ ਫ਼ਾਂਸੀ ਤੋਂ ਬਚਣ ਲਈ ਨਵੇਂ ਨਵੇਂ ਹੱਥਕੰਡੇ ਅਪਨਾ ਰਿਹਾ ਹੈ।

ਸੂਤਰਾਂ ਅਨੁਸਾਰ ਸੁਪਰੀਮ ਕੋਰਟ ਵਿਚ ਕੀਤਾ ਗਿਆ ਇਹ ਦਾਅਵਾ ਵੀ ਫਾਂਸੀ 'ਚ ਦੇਰੀ ਲਈ ਅਪਣਾਇਆ ਗਿਆ ਹੱਥਕੰਡਾ ਹੀ ਹੋ ਸਕਦਾ ਹੈ। ਦੱਸ ਦਈਏ ਕਿ ਨਿਰਭਿਆ ਦੇ ਦੋਸ਼ੀਆਂ ਨੂੰ ਪਹਿਲਾਂ 22 ਜਨਵਰੀ ਨੂੰ ਫਾਂਸੀ ਲੱਗਣੀ ਸੀ ਪਰ ਰਹਿਮ ਦੀ ਅਪੀਲ ਕਾਰਨ ਫ਼ਾਂਸੀ ਟਲ ਗਈ ਸੀ। ਹੁਣ ਦੋਸ਼ੀਆਂ ਨੂੰ ਫ਼ਾਂਸੀ ਦੀ ਤਰੀਕ 1 ਫ਼ਰਵਰੀ ਤੈਅ ਕੀਤੀ ਗਈ ਹੈ।