ਕਿਸਾਨਾਂ ਨੂੰ ਬਦਨਾਮ ਕਰਨ ਸਿੰਘੂ ਪਹੁੰਚੇ ਲੋਕਾਂ ਨਾਲ ਉਲਝਿਆ ਸਪੋਕਸਮੈਨ ਦਾ ਪੱਤਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਹੋਈ ਹਿੰਸਾ ਅਤੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ...

Delhi People with Hardeep Singh

ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ): 26 ਜਨਵਰੀ ਨੂੰ ਟਰੈਕਟਰ ਪਰੇਡ ਵਿੱਚ ਹੋਈ ਹਿੰਸਾ ਅਤੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਏ ਜਾਣ ਤੋਂ ਨਰਾਜ਼ ਕੁਝ ਲੋਕਾਂ ਨੇ ਕੁੰਡਲੀ ਬਾਰਡਰ 'ਤੇ ਹੰਗਾਮਾ ਕੀਤਾ ਤੇ ਕੁੰਡਲੀ ਬਾਰਡਰ ਨੂੰ ਖਾਲੀ ਕਰਨ ਲਈ ਨਾਅਰੇਬਾਜ਼ੀ ਕੀਤੀ।  ਪੁਲਿਸ ਵੱਲੋਂ ਵੀ ਪੱਕੇ ਤੌਰ ‘ਤੇ ਕੁੰਡਲੀ ਬਾਰਡਰ ਉਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਤੇ ਲੋਕਾਂ ਨੂੰ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾ ਹੈ।

ਭੜਕੇ ਲੋਕਾਂ ਦੀ ਨਾਅਰੇਬਾਜ਼ੀ ਦੇ ਕਾਰਨ ਕੁੰਡਲੀ ਬਾਰਡਰ 'ਤੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ। ਲਗਪਗ 100 ਲੋਕਾਂ ਨੇ ਹੱਥਾਂ 'ਚ ਕੁੰਡਲੀ ਬਾਰਡਰ ਖ਼ਾਲੀ ਕਰੋ ਦੇ ਬੈਨਰ ਫੜੇ ਹੋਏ ਸਨ ਤੇ ਇਹ ਕਿਸਾਨਾਂ ਖਿਲਾਫ਼ ਆਪਣੀ ਭੜਾਸ ਕੱਢ ਰਹੇ ਸਨ। 26 ਜਨਵਰੀ ਨੂੰ ਹੋਈ ਹਿੰਸਾ, ਤਿਰੰਗੇ ਦੇ ਨਿਰਾਦਰ ਤੋਂ ਦੁਖੀ ਹਨ ਤੇ ਹੁਣ ਉਹ ਚਾਹੁੰਦੇ ਹਨ ਕਿ ਕੁੰਡਲੀ ਬਾਰਡਰ ਖਾਲੀ ਹੋ ਜਾਵੇ।

ਇਸ ਦੌਰਾਨ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨੇ ਸਦਭਾਵਨਾ ਰੈਲੀ ਕੱਢ ਰਹੇ ਲੋਕਾਂ ਵਿਚੋਂ ਆਜ਼ਾਦ ਵਿਨੋਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਵਾਲੇ ਦਿਨ ਜਿਹੜੇ ਲੋਕਾਂ ਨੇ ਲਾਲ ਕਿਲੇ ਉਤੇ ਤਿਰੰਗਾ ਝੰਡਾ ਉਤਾਰ ਕੇ ਕੇਸਰੀ ਝੰਡਾ ਲਗਾਇਆ ਹੈ ਉਨ੍ਹਾਂ ਖਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਤੇ ਦੇਸ਼ ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਤਿਰੰਗੇ ਝੰਡੇ ਦਾ ਅਪਮਾਨ ਕਰਦੇ ਹਾਂ ਤਾਂ ਸਾਨੂੰ ਭਾਰਤ ਨੂੰ ਆਪਣਾ ਰਾਸ਼ਟਰ ਕਹਿਣ ਤੋਂ ਝਿਝਕਣਾ ਚਾਹੀਦਾ ਹੈ।

ਇਸਤੋਂ ਬਾਅਦ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਕਿ ਜੋ ਅਸੀਂ ਘਰਾਂ ਵਿਚ ਰੋਟੀ ਖਾ ਰਹੇ ਹਾਂ ਇਹ ਵੀ ਕਿਸਾਨਾਂ ਵੱਲੋਂ ਹੀ ਦਿੱਤੀ ਗਈ ਹੈ ਪਰ ਲੋਕਾਂ ਨੇ ਕਿਸਾਨਾਂ ਬਾਰੇ ਕਿਹਾ ਕਿ ਖਾਣ ਵਾਲਾ ਅਨਾਜ ਸਾਨੂੰ ਕਿਹੜਾ ਫਰੀ ਮਿਲਦੈ ਅਤੇ ਇਨ੍ਹਾਂ ਵਿਚੋਂ ਕੋਈ ਕਿਸਾਨ ਨਹੀਂ ਹੈ ਜੋ ਪੁਲਿਸ ਵਾਲਿਆਂ ਪਿੱਛੇ ਡੰਡੇ ਲੈ ਕੇ ਭੱਜਦੇ ਹਨ। ਜਦੋਂ ਸਥਾਨਕ ਲੋਕਾਂ ਨੇ ਇਹ ਕਿਹਾ ਕਿ ਇਹ ਕਿਸਾਨ ਨਹੀਂ ਹਨ ਤਾਂ ਸਪੋਕਸਮੈਨ ਦੇ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਕਿ ਜੇ ਇਹ ਕਿਸਾਨ ਨਹੀਂ ਤਾਂ ਕੋਣ ਹਨ? ਬਾਅਦ ‘ਚ ਪੱਤਰਕਾਰ ਨਾਲ ਹੀ ਉਲਝਣ ਲੱਗੇ ਤੇ ਇਲਜ਼ਾਮ ਲਗਾਉਣ ਲੱਗੇ ਕਿ ਅਸੀਂ ਇਸ ਚੈਨਲ ਉਤੇ ਇੰਟਰਵਿਊ ਨਹੀਂ ਦੇਵਾਂਗੇ ਕਿਉਂਕਿ ਇਹ ਪਾਰਟੀਬਾਜ਼ੀ ਕਰ ਰਿਹੈ ਅਤੇ ਉਨ੍ਹਾਂ ਦੇ ਪੱਖ ਦੀ ਗੱਲ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਕਈ ਕਿਸਾਨ ਆਗੂਆਂ ‘ਤੇ ਪਰਚੇ ਦਰਜ ਕੀਤੇ ਗਏ। ਦਿੱਲੀ ਪੁਲਿਸ ਦੀ ਐਫਆਈਆਰ ਵਿਚ ਕਿਸਾਨ ਆਗੂਆਂ 'ਤੇ ਕਿਸਾਨ ਟਰੈਕਟਰ ਪਰੇਡ ਸਬੰਧੀ ਐਨਓਸੀ ਦੀ ਉਲੰਘਣਾ ਲਈ ਮਾਮਲੇ ਦਰਜ ਕੀਤੇ ਗਏ ਹਨ।

ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਵਾਪਰੇ ਘਟਨਾਕ੍ਰਮ ਤੇ ਹਿੰਸਾ ਅਤੇ ਤੋੜ-ਫੋੜ ਵਿਚ ਦਿੱਲੀ ਪੁਲਿਸ ਦੇ 394 ਜਵਾਨ ਜ਼ਖਮੀ ਹੋਏ ਹਨ ਅਤੇ ਕਿਸਾਨਾਂ ਵਿਚੋਂ ਇਕ ਨੌਜਵਾਨ ਦੀ ਟਰੈਕਟਰ ਪਲਟਣ ਨਾਲ ਮੌਤ ਵੀ ਹੋਈ ਸੀ।