ਮਾਰਚ ਦੇ ਸ਼ੁਰੂ 'ਚ ਹਫ਼ਤਾ-ਭਰ ਲਈ ਬੰਦ ਰਹਿਣਗੇ ਬੈਂਕ, ਨਿਪਟਾ ਲਓ ਬੈਂਕ ਨਾਲ ਸਬੰਧਤ ਕੰਮ!

ਏਜੰਸੀ

ਖ਼ਬਰਾਂ, ਰਾਸ਼ਟਰੀ

ਬੈਂਕਾਂ ਅੰਦਰ 8 ਮਾਰਚ ਤੋਂ 15 ਮਾਰਚ ਤਕ ਨਹੀਂ ਹੋਵੇਗਾ ਕੋਈ ਕੰਮ

file photo

ਨਵੀਂ ਦਿੱਲੀ : ਆਉਂਦੇ ਮਾਰਚ ਮਹੀਨੇ 'ਚ ਤੁਹਾਨੂੰ ਅਪਣੇ ਬੈਂਕਾਂ ਦੇ ਕੰਮ ਨਿਪਟਾਉਣ ਲਈ ਕਈ ਦਿਨਾਂ ਦੀ ਉਡੀਕ ਕਰਨੀ ਪੈ ਸਕਦੀ ਹੈ, ਇਸ ਤੋਂ ਬਚਣ ਲਈ ਪਹਿਲਾਂ ਤੋਂ ਹੀ ਯੋਜਨਾਬੰਦੀ ਕਰ ਲੈਣ ਵਿਚ ਭਲਾਈ ਹੈ।

ਦਰਅਸਲ ਮਾਰਚ 2020 ਦੇ ਪਹਿਲੇ ਹਫ਼ਤੇ ਦੌਰਾਨ ਬੈਂਕਾਂ ਦੇ ਕੰਮਾਂ 'ਚ ਲਗਾਤਾਰ 8 ਦਿਨ ਤਕ ਖੜੋਤ ਆਉਣ ਵਾਲੀ ਹੈ। ਸੂਤਰਾਂ ਅਨੁਸਾਰ ਸਰਕਾਰੀ ਬੈਂਕਾਂ ਅੰਦਰ ਇਹ ਖੜੋਤ 8 ਤੋਂ 15 ਮਾਰਚ ਤਕ ਹੋਵੇਗੀ।  

8 ਮਾਰਚ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿਣਗੇ। ਇਸ ਤੋਂ ਅਗਲੇ ਦਿਨ ਕਈ ਥਾਈ ਹੋਲੀ ਦੀ ਛੁੱਟੀ 9 ਮਾਰਚ ਨੂੰ ਹੋਵੇਗੀ ਜਦਕਿ ਕਈ ਥਾਈਂ 10 ਨੂੰ ਹੋਵੇਗੀ। ਇਸ ਹਿਸਾਬ ਨਾਲ 9 ਤੇ 10 ਮਾਰਚ ਨੂੰ ਦੋਵੇਂ ਦਿਨ ਹੀ ਬੈਂਕਾਂ ਦਾ ਕੰਮ ਪ੍ਰਭਾਵਿਤ ਹੋਵੇਗਾ ਜਾਂ ਨਹੀਂ ਹੋ ਸਕੇਗਾ।  

ਇਸ ਤੋਂ ਅਗਲੇ ਦਿਨ ਯਾਨੀ 11 ਮਾਰਚ ਤੋਂ ਕਰਮਚਾਰੀਆਂ ਦਾ ਹੜਤਾਲ ਕਾਰਨ ਬੈਂਕ ਬੰਦ ਰਹਿਣਗੇ। ਇਹ ਹੜਤਾਲ ਤਿੰਨ ਦਿਨ ਯਾਨੀ 11, 12 ਤੇ 13 ਮਾਰਚ ਤਕ ਹੋਵੇਗੀ। ਇਹ ਹੜਤਾਲ ਸਰਕਾਰੀ ਬੈਂਕਾਂ ਦੀਆਂ ਯੂਨੀਅਨਾਂ ਦੀ ਅਗਵਾਈ ਹੇਠ ਬੈਂਕ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਹੈ।

ਇਸ ਲਈ ਇਨ੍ਹਾਂ ਤਿੰਨ ਦਿਨਾਂ ਦੌਰਾਨ ਵੀ ਸਰਕਾਰੀ ਬੈਂਕ ਦੇਸ਼ ਭਰ ਅੰਦਰ ਬੰਦ ਰਹਿਣਗੇ। ਹੜਤਾਲ ਖ਼ਤਮ ਹੋਣ ਤੋਂ ਅਗਲੇ ਦਿਨ ਯਾਨੀ  14 ਮਾਰਚ ਨੂੰ ਦੂਜਾ ਸ਼ਨੀਵਾਰ ਹੈ, ਜਿਸ ਕਾਰਨ ਬੈਂਕ ਫਿਰ ਬੰਦ ਰਹਿਣਗੇ।

ਉਸ ਤੋਂ ਅਗਲਾ ਅੱਠਵਾਂ ਦਿਨ ਯਾਨੀ 15 ਮਾਰਚ ਨੂੰ ਐਤਵਾਰ ਹੋਣ ਕਾਰਨ ਛੁੱਟੀ ਹੋਵੇਗੀ। ਇਸ ਤਰ੍ਹਾਂ ਦੇਸ਼ ਭਰ ਵਿਚ 8 ਮਾਰਚ ਤੋਂ ਲੈ ਕੇ 15 ਮਾਰਚ ਤਕ, ਯਾਨੀ ਪੂਰੇ 8 ਦਿਨਾਂ ਤਕ ਬੈਂਕਾਂ ਅੰਦਰ ਕੋਈ ਵੀ ਕੰਮ ਨਹੀਂ ਹੋ ਸਕੇਗਾ।