‘ਜਦੋਂ ਦਿੱਲੀ ਸੜ ਰਹੀ ਸੀ ਤਾਂ ਮੋਦੀ ਦੇ ਅੱਧੇ ਮੰਤਰੀ ਟਰੰਪ ਨੂੰ ਨਮਸਤੇ-ਨਮਸਤੇ ਕਰ ਰਹੇ ਸੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਹਿੰਸਾ ਲਈ ਗ੍ਰਹਿ ਮੰਤਰੀ ‘ਤੇ ਭੜਕੀ ਸ਼ਿਵਸੈਨਾ

Photo

ਮੁੰਬਈ:  ਇਕ ਸਮੇਂ ਪੱਕੇ ਦੋਸਤ ਰਹਿ ਚੁੱਕੇ ਸ਼ਿਵਸੈਨਾ ਅਤੇ ਭਾਜਪਾ ਇਕ-ਦੂਜੇ ਦੇ ਕੱਟੜ ਵਿਰੋਧੀ ਬਣਦੇ ਨਜ਼ਰ ਆ ਰਹੇ ਹਨ। ਮਹਾਰਾਸ਼ਟਰ ਚੋਣਾਂ ਤੋਂ ਬਾਅਦ ਅਜਿਹਾ ਇਕ ਵੀ ਮੌਕਾ ਨਹੀਂ ਹੋਵੇਗਾ ਜਦੋਂ ਸ਼ਿਵਸੈਨਾ ਨੇ ਅਪਣੇ ਅਖ਼ਬਾਰ ‘ਸਾਮਨਾ’ ਦੇ ਜ਼ਰੀਏ ਕੇਂਦਰ ਸਰਕਾਰ ਯਾਨੀ ਭਾਜਪਾ ‘ਤੇ ਹਮਲਾ ਨਾ ਬੋਲਿਆ ਹੋਵੇ।

ਸ਼ਿਵਸੈਨਾ ਨੇ ਅਪਣੇ ਅਖ਼ਬਾਰ ਜ਼ਰੀਏ ਦਿੱਲੀ ਵਿਚ ਹੋਈ ਹਿੰਸਾ ਨੂੰ ਮੁੱਦਾ ਬਣਾ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਹਮਲਾ ਬੋਲਿਆ ਹੈ। ਸ਼ਿਵਸੈਨਾ ਨੇ ਪੁੱਛਿਆ ਹੈ ਕਿ ਜਦੋਂ ਦਿੱਲੀ ਸੜ ਰਹੀ ਸੀ ਤਾਂ ਲੋਕਾਂ ਦੇ ਮਨ ਵਿਚ ਨਰਾਜ਼ਗੀ ਸੀ ਕਿ ਉਸ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਕਿੱਥੇ ਸੀ?

ਸ਼ਿਵਸੈਨਾ ਨੇ ਅੱਗੇ ਲਿਖਿਆ ਕਿ ਜੇਕਰ ਕੇਂਦਰ ਸਰਕਾਰ ਵਿਚ ਭਾਜਪਾ ਦੀ ਥਾਂ ਕਾਂਗਰਸ ਸੱਤਾ ਵਿਚ ਹੁੰਦੀ ਤਾਂ ਭਾਜਪਾ ਹੁਣ ਤੱਕ ਉਹਨਾਂ ਦੇ ਗ੍ਰਹਿ ਮੰਤਰੀ ਨੂੰ ਨਾਕਾਮ ਦੱਸ ਕੇ ਕਦੋਂ ਦਾ ਅਸਤੀਫ਼ਾ ਮੰਗ ਚੁੱਕੀ ਹੁੰਦੀ। ਗ੍ਰਹਿ ਮੰਤਰੀ ਦੇ ਅਸਤੀਫ਼ੇ ਲਈ ਦਿੱਲੀ ਵਿਚ ਮੋਰਚਾ ਅਤੇ ਘਿਰਾਓ ਦਾ ਅਯੋਜਨ ਕੀਤਾ ਹੁੰਦਾ ਤੇ ਰਾਸ਼ਟਰਪਤੀ ਭਵਨ ‘ਤੇ ਹਮਲਾ ਬੋਲਿਆ ਹੁੰਦਾ।

ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਭਾਜਪਾ ਸੱਤਾ ਵਿਚ ਹੈ ਅਤੇ ਵਿਰੋਧੀ ਕਮਜ਼ੋਰ ਹਨ। ਉਹਨਾਂ ਕਿਹਾ ਕਿ ਜਿਸ ਸਮੇਂ ਦੇਸ਼ ਦੀ ਰਾਜਧਾਨੀ ਵਿਚ 38 ਲੋਕ ਮਾਰੇ ਗਏ ਹਨ, ਉਸ ਸਮੇਂ ਕੇਂਦਰ ਦਾ ਅੱਧਾ ਮੰਤਰੀ ਮੰਡਲ ਅਹਿਮਦਾਬਾਦ ਵਿਚ ਅਮਰੀਕੀ ਰਾਸ਼ਟਰਪਤੀ ਨੂੰ ਨਮਸਤੇ-ਨਮਸਤੇ ਕਹਿਣ ਲਈ ਗਿਆ ਹੋਇਆ ਸੀ।

ਲਗਭਗ 3 ਦਿਨ ਬਾਅਦ ਪ੍ਰਧਾਨ ਮੰਤਰੀ ਨੇ ਸ਼ਾਂਤੀ ਰੱਖਣ ਦੀ ਅਪੀਲ ਕੀਤੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਚੌਥੇ ਦਿਨ ਅਪਣੇ ਸਹਿਯੋਗੀਆਂ ਨਾਲ ਦਿੱਲੀ ਦੀਆਂ ਸੜਕਾਂ ‘ਤੇ ਦਿਖੇ। ਇਸ ਨਾਲ ਕੀ ਹੋਵੇਗਾ, ਜੋ ਹੋਣਾ ਸੀ ਉਹ ਪਹਿਲਾਂ ਹੀ ਹੋ ਚੁੱਕਾ ਹੈ। ਗ੍ਰਹਿ ਮੰਤਰੀ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਘਰ-ਘਰ ਪਰਚੇ ਵੰਡ ਰਹੇ ਸਨ। ਹੁਣ ਕਿਉਂ ਨਹੀਂ ਦਿਖ ਰਹੇ। ਅਖ਼ਬਾਰ ਵਿਚ ਜਸਟਿਸ ਐਸ. ਮੁਰਲੀਧਰ ਦਾ ਵੀ ਪੱਖ ਲਿਆ ਗਿਆ ਹੈ।

ਲਿਖਿਆ ਗਿਆ ਹੈ ਕਿ ਜਸਟਿਸ ਐਸ. ਮੁਰਲੀਧਰ ਨੇ ਜਨਤਾ ਦੇ ਮਨ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਸਾਰੇ ਆਮ ਨਾਗਰਿਕਾਂ ਨੂੰ ਜ਼ੈੱਡ ਸੁਰੱਖਿਆ ਦੇਣ ਦਾ ਸਮਾਂ ਆ ਗਿਆ ਹੈ। ਸਾਨੂੰ ਇਹ ਦੇਖਣਾ ਹੋਵੇਗਾ ਕਿ ਦੇਸ਼ ਵਿਚ 1984 ਦੇ ਕਤਲੇਆਮ ਵਰਗੇ ਹਾਲਾਤ ਨਾ ਪੈਦਾ ਹੋਣ। ਉਹਨਾਂ ਕਿਹਾ ਕਿ ਕੀ ਹੁਣ ਜੱਜ ਨੂੰ ਵੀ ਸੱਚ ਬੋਲਣ ਦੀ ਸਜ਼ਾ ਮਿਲਣ ਲੱਗੀ ਹੈ?