ਦਿੱਲੀ ਹਿੰਸਾ ਦਾ 'ਕੋਝਾ ਸੱਚ' : ਧਾਰਮਕ ਸਥਾਨਾਂ ਨੂੰ ਵੀ ਬਣਾਇਆ ਸੀ ਨਿਸ਼ਾਨਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸਥਾਨਕ ਲੋਕਾਂ ਨੇ ਕੀਤੇ ਅਹਿਮ ਇਕਸਾਫ਼

file photo

ਨਵੀਂ ਦਿੱਲੀ : ਉੱਤਰ ਪੂਰਬ ਦਿੱਲੀ ਵਿਚ ਫ਼ਿਰਕੂ ਹਿੰਸਾ ਦੌਰਾਨ ਇਕ ਮਸਜਿਦ ਅਤੇ ਦਰਗਾਹ ਵਿਚ ਭੰਨਤੋੜ ਮਗਰੋਂ ਉਨ੍ਹਾਂ ਵਿਚ ਅੱਗ ਲਾ ਦਿਤੀ ਗਈ। ਇਹ ਦਾਅਵਾ ਸਥਾਨਕ ਲੋਕਾਂ ਨੇ ਕੀਤਾ ਹੈ। ਮਸਜਿਦ ਅਸ਼ੋਕ ਨਗਰ ਇਲਾਕੇ ਵਿਚ ਜਦਕਿ ਦਰਗਾਹ ਚਾਂਦ ਬਾਗ਼ ਇਲਾਕੇ ਵਿਚ ਹੈ। ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਸਥਾਨਕ ਵਿਅਕਤੀ ਨੇ ਕਿਹਾ ਕਿ ਸਾਨੂੰ ਸੋਸ਼ਲ ਮੀਡੀਆ ਵਿਚ ਪਤਾ ਲੱਗਾ ਹੈ ਕਿ ਦੁਪਹਿਰ 12 ਕੁ ਵਜੇ ਮਸਜਿਦ ਵਿਚ ਭੰਨਤੋੜ ਕੀਤੀ ਗਈ। ਇਹ ਮਾੜੀ ਗੱਲ ਹੈ ਅਤੇ ਮੈਂ ਕਹਿ ਸਕਦਾ ਹਾਂ ਕਿ ਇਹ ਕੰਮ ਕਿਸੇ ਸਥਾਨਕ ਵਿਅਕਤੀ ਨੇ ਨਹੀਂ ਕੀਤਾ ਸਗੋਂ ਬਾਹਰੀ ਲੋਕ ਸ਼ਾਮਲ ਹਨ।'

ਉਨ੍ਹਾਂ ਦਸਿਆ ਕਿ ਮਸਜਿਦ ਬੇਹੱਦ ਪੁਰਾਣੀ ਸੀ ਅਤੇ ਉਥੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਥੇ ਕੁੱਝ ਮੁਸਲਿਮ ਪਰਵਾਰ ਰਹਿੰਦੇ ਹਨ ਪਰ ਹੁਣ ਉਹ ਇਲਾਕਾ ਛੱਡ ਗਏ ਹਨ। ਚਾਂਦ ਬਾਗ਼ ਤੋਂ ਸੱਜਾਦ ਇਬਰਾਹਿਮ ਨੇ ਦਰਗਾਹ ਨੂੰ ਨੁਕਸਾਨ ਪਹੁੰਚਾਏ ਜਾਣ 'ਤੇ ਗੁੱਸਾ ਪ੍ਰਗਟ ਕੀਤਾ। ਉਨ੍ਹਾਂ ਕਿਹਾ, 'ਚਾਂਦ ਪੀਰ ਬਾਬਾ ਹਿੰਦੂਆਂ ਵਿਚ ਜ਼ਿਆਦਾ ਪੂਜਿਆ ਜਾਂਦਾ ਸੀ। ਵੀਰਵਾਰ ਨੂੰ ਲੋਕ ਇਥੇ ਜਮ੍ਹਾਂ ਹੁੰਦੇ ਸਨ। ਦਰਗਾਹ ਨੂੰ ਇਸ ਹਾਲਤ ਵਿਚ ਵੇਖਣਾ ਬਹੁਤ ਦੁਖਦ ਹੈ।

ਕੀ ਇਸ ਤਰੀਕੇ ਨਾਲ ਕਿਸੇ ਹਿੰਦੂ ਮੰਦਰ ਵਿਚ ਭੰਨਤੋੜ ਹੋਈ ਹੈ। ਜਿਹੜੇ ਲੋਕਾਂ ਨੇ ਦਰਗਾਹ ਵਿਚ ਇਹ ਕਾਰਾ ਕੀਤਾ ਹੈ, ਉਹ ਸੰਤ ਦੀ ਵਿਰਾਸਤ ਨੂੰ ਭੁੱਲ ਗਏ ਜੋ ਦੋਹਾਂ ਤਬਕਿਆਂ ਦੇ ਲੋਕਾਂ ਦੀਆਂ ਮੰਨਤਾਂ ਪੂਰੀਆਂ ਕਰਦੇ ਹਨ ਅਤੇ ਦੁਆਵਾਂ ਦਿੰਦੇ ਹਨ।' ਚਾਂਦ ਬਾਗ਼ ਦੇ ਉਲਟ ਦਿਸ਼ਾ ਵਿਚ ਭਜਨਪੁਰਾ ਹੈ। ਸਥਾਨਕ ਵਾਸੀਆਂ ਮੁਤਾਬਕ ਚਾਂਦ ਬਾਗ਼ ਵਿਚ 70 ਫ਼ੀ ਸਦੀ ਮੁਸਲਿਮ ਆਬਾਦੀ ਹੈ ਤੇ ਭਜਨਪੁਰਾ ਵਿਚ 80 ਫ਼ੀ ਸਦੀ ਹਿੰਦੂਆਂ ਦੀ ਆਬਾਦੀ ਹੈ।

ਭਜਨਪੁਰਾ ਵਿਚ ਰਹਿਣ ਵਾਲੇ ਪਰਵਾਰ ਨੇ ਦਸਿਆ ਕਿ ਉਨ੍ਹਾਂ ਨਕਾਬਪੋਸ਼ ਦੰਗਈਆਂ ਨੂੰ ਗੱਡੀਆਂ ਵਿਚ ਆਉਂਦੇ ਅਤੇ ਦੋ ਗਰੁਪਾਂ ਵਿਚ ਵੰਡਦੇ ਵੇਖਿਆ ਜਿਨ੍ਹਾਂ ਦੋਹਾਂ ਥਾਵਾਂ 'ਤੇ ਭੰਨਤੋੜ ਕੀਤੀ। ਸਥਾਨਕ ਲੋਕਾਂ ਨੇ ਦਸਿਆ ਕਿ ਦੋਹਾਂ ਥਾਵਾਂ 'ਤੇ ਲੋਕ ਬਿਜਲੀ ਦੀ ਕਮੀ, ਦਵਾਈ ਦੀਆਂ ਦੁਕਾਨਾਂ ਬੰਦ ਹੋਣ ਅਤੇ ਜ਼ਰੂਰੀ ਸਮਾਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।

ਸਕੂਲਾਂ ਵਿਚ ਭੰਨਤੋੜ, ਲਾਇਬ੍ਰੇਰੀਆਂ ਨੂੰ ਅੱਗ ਲਾਈ : ਕੌਮੀ ਰਾਜਧਾਨੀ ਦੇ ਬ੍ਰਿਜਪੁਰੀ ਇਲਾਕੇ ਵਿਚ ਪੈਂਦੇ ਨਿਜੀ ਸਕੂਲ ਵਿਚ ਹਿੰਸਾ ਦਾ ਅਸਰ ਵਿਖਾਈ ਦੇ ਰਿਹਾ ਹੈ। ਇਹ ਸਕੂਲ ਹੁਣ ਟੁੱਟੇ ਡੈਸਕਾਂ ਅਤੇ ਸੜੀਆਂ ਕਿਤਾਬਾਂ ਦਾ ਢੇਰ ਬਣ ਕੇ ਰਹਿ ਗਿਆ ਹੈ। ਇਸ ਸਕੂਲ ਵਿਚ ਇਕ ਬੋਰਡ ਹੈ ਜੋ ਅੱਧਾ ਸੜਿਆ ਹੋਇਆ ਹੈ ਅਤੇ ਉਸ 'ਤੇ ਲਿਖਿਆ ਹੈ, 'ਸੱਭ ਤੋਂ ਖ਼ੁਸ਼ਹਾਲ ਸਕੂਲ ਵਿਚ ਤੁਹਾਡਾ ਸਵਾਗਤ ਹੈ।' ਇਹ ਸਕੂਲ 32 ਸਾਲ ਪੁਰਾਣਾ ਹੈ ਅਤੇ ਹੁਣ ਕਬਰਿਸਤਾਨ ਲਗਦਾ ਹੈ। ਸਕੂਲ ਦੇ ਅਧਿਕਾਰੀ ਦਾਅਵਾ ਕਰਦੇ ਹਨ ਕਿ ਲਗਭਗ 70 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਹੋਰ ਸਕੂਲਾਂ ਵਿਚ ਵੀ ਭੰਨਤੋੜ ਵੇਖੀ ਜਾ ਸਕਦੀ ਹੈ ਜਿਨ੍ਹਾਂ ਵਿਚ ਡੀਪੀਆਰ ਸਕੂਲ, ਰਾਜਧਾਨੀ ਪਬਲਿਕ ਸਕੂਲ ਆਦਿ ਸ਼ਾਮਲ ਹਨ ਜਿਥੇ ਲਾਇਬਰੇਰੀਆਂ ਨੂੰ ਅੱਗ ਦੇ ਹਵਾਲੇ ਕਰ ਦਿਤਾ ਗਿਆ।