ਜਦੋਂ ਹਰੇਕ ਦੇਸ਼ ਵਾਸੀ ਮਾਣ ਮਹਿਸੂਸ ਕਰਦਾ ਹੈ ਤਾਂ ਹੀ ਬਣਦਾ ਹੈ ਆਤਮ ਨਿਰਭਰ ਭਾਰਤ- ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਮਾਜ ਵਿਚ ਪ੍ਰਚਲਿਤ ਕੁਰੀਤੀਆਂ ਬਾਰੇ ਖੁੱਲ਼੍ਹ ਕੇ ਬੋਲਦੇ ਸਨ ਸੰਤ ਰਵਿਦਾਸ- ਪ੍ਰਧਾਨ ਮੰਤਰੀ ਨਰਿੰਦਰ ਮੋਦੀ

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਜ਼ਰੀਏ ਦੇਸ਼ਵਾਸੀਆਂ ਨੂੰ ਸਬੋਧਨ ਕੀਤਾ। ਇਹ ਮਨ ਕੀ ਬਾਤ ਦਾ 74ਵਾਂ ਐਪੀਸੋਡ ਸੀ। ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਜਲ ਸਾਡੇ ਲਈ ਜੀਵਨ, ਆਸਥਾ ਅਤੇ ਵਿਕਾਸ ਦੀ ਧਾਰਾ ਹੈ। ਪਾਣੀ ਇਕ ਤਰ੍ਹਾਂ ਪਾਰਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ। ਸਾਨੂੰ ਪਾਣੀ ਦੀ ਸੰਭਾਲ ਲਈ ਹੁਣ ਤੋਂ ਹੀ ਯਤਨ ਸ਼ੁਰੂ ਕਰਨ ਦੇਣੇ ਚਾਹੀਦੇ ਹਨ।

ਉਹਨਾਂ ਕਿਹਾ ਆਉਣ ਵਾਲੀ 22 ਮਾਰਚ ਨੂੰ ਵਿਸ਼ਵ ਜਲ ਦਿਵਸ ਵੀ ਹੈ। ਅੱਜ ਤੋਂ ਕੁਝ ਦਿਨ ਬਾਅਦ ਜਲ ਸ਼ਕਤੀ ਮੰਤਰਾਲੇ ਵੱਲੋਂ ਜਲ ਸ਼ਕਤੀ ਮੁਹਿੰਮ ‘ਕੈਚ ਦ ਰੇਨ’ ਸ਼ੁਰੂ ਕੀਤੀ ਜਾ ਰਹੀ ਹੈ।

ਪੀਐਮ ਮੋਦੀ ਨੇ ਡਾਕਟਰ ਸੀ.ਵੀ. ਰਮਨ ਨੂੰ ਕੀਤਾ ਯਾਦ

ਪੀਐਮ ਮੋਦੀ ਨੇ ਕਿਹਾ ਅੱਜ ਰਾਸ਼ਟਰੀ ਵਿਗਿਆਨ ਦਿਵਸ ਵੀ ਹੈ। ਅੱਜ ਦਾ ਦਿਨ ਭਾਰਤ ਦੇ ਮਹਾਨ ਵਿਗਿਆਨੀ ਡਾਕਟਰ ਸੀ.ਵੀ. ਰਮਨ ਵੱਲੋਂ ਕੀਤੇ ਗਏ ‘ਰਮਨ ਇਫੈਕਟ’ ਦੀ ਖੋਜ ਨੂੰ ਸਮਰਪਿਤ ਹੈ। ਉਹਨਾਂ ਕਿਹਾ ਸਾਡੇ ਨੌਜਵਾਨਾਂ ਨੂੰ ਭਾਰਤੀ ਵਿਗਿਆਨੀਆਂ ਅਤੇ ਭਾਰਤੀ ਵਿਗਿਆਨ ਦੇ ਇਤਿਹਾਸ ਬਾਰੇ ਪੜ੍ਹਨਾ ਚਾਹੀਦਾ ਹੈ।

ਪੀਐਮ ਮੋਦੀ ਨੇ ਕਿਹਾ ਜਦੋਂ ਅਸੀਂ ਵਿਗਿਆਨ ਦੀ ਗੱਲ ਕਰਦੇ ਹਾਂ, ਕਈ ਵਾਰ ਲੋਕ ਇਸ ਨੂੰ ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਜਾਂ ਪ੍ਰਯੋਗਸ਼ਾਲਾ ਤੱਕ ਸੀਮਿਤ ਕਰਦੇ ਹਨ ਪਰ ਵਿਗਿਆਨ ਇਸ ਤੋਂ ਬਹੁਤ ਜ਼ਿਆਦਾ ਹੈ। ਉਹਨਾਂ ਕਿਹਾ ਆਤਮ ਨਿਰਭਰ ਭਾਰਤ ਮੁਹਿੰਮ ਵਿਚ ਵਿਗਿਆਨ ਦੀ ਸ਼ਕਤੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਸਮਾਜ ਵਿਚ ਪ੍ਰਚਲਿਤ ਕੁਰੀਤੀਆਂ ਬਾਰੇ ਖੁੱਲ਼੍ਹ ਕੇ ਬੋਲਦੇ ਸਨ ਸੰਤ ਰਵਿਦਾਸ

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਮਾਘ ਮਹੀਨੇ ਦੀ ਚਰਚਾ ਅਤੇ ਇਸ ਦੀ ਸਮਾਜਿਕ, ਅਧਿਆਤਮਿਕ ਮਹੱਤਤਾ ਸੰਤ ਰਵਿਦਾਸ ਜੀ ਦੇ ਨਾਮ ਤੋਂ ਬਿਨਾਂ ਸੰਪੂਰਨ ਨਹੀਂ ਹੈ। ਸੰਤ ਰਵਿਦਾਸ ਹਮੇਸ਼ਾਂ ਸਮਾਜ ਵਿਚ ਪ੍ਰਚਲਿਤ ਕੁਰੀਤੀਆਂ ਬਾਰੇ ਖੁੱਲ੍ਹ ਕੇ ਬੋਲਦੇ ਸਨ। ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਸੰਤ ਰਵਿਦਾਸ ਜੀ ਦੇ ਜਨਮ ਸਥਾਨ, ਵਾਰਾਣਸੀ ਨਾਲ ਜੁੜਿਆ ਹੋਇਆ ਹਾਂ।

ਆਤਮ ਨਿਰਭਰ ਭਾਰਤ ਦਾ ਮੰਤਰ ਪਿੰਡਾਂ-ਪਿੰਡਾਂ ਤੱਕ ਪਹੁੰਚ ਰਿਹਾ ਹੈ- ਪੀਐਮ ਮੋਦੀ

ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਜਦੋਂ ਅਸੀਂ ਅਸਮਾਨ ਵਿਚ ਅਪਣੇ ਦੇਸ਼ ਵਿਚ ਬਣੇ ਲੜਾਕੂ ਜਹਾਜ਼ ਤੇਜਸ ਨੂੰ ਕਲਾਬਾਜ਼ੀਆਂ ਖਾਂਦੇ ਦੇਖਦੇ ਹਾਂ ਜਦੋਂ ਭਾਰਤ ਵਿਚ ਬਣੇ ਟੈਂਕ, ਮਿਸਾਇਲਾਂ ਸਾਡਾ ਮਾਣ ਵਧਾਉਂਦੇ ਹਨ। ਜਦੋਂ ਅਸੀਂ ਦਰਜਨਾਂ ਦੇਸ਼ਾਂ ਤੱਕ ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਪਹੁੰਚਾਉਂਦੇ ਹਾਂ ਤਾਂ ਸਾਡਾ ਸਿਰ ਹੋ ਉੱਚਾ ਹੋ ਜਾਂਦਾ ਹੈ।

ਆਤਮ ਨਿਰਭਰ ਭਾਰਤ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦਾ ਮੰਤਰ ਪਿੰਡ-ਪਿੰਡ ਤੱਕ ਪਹੁੰਚ ਰਿਹਾ ਹੈ। ਉਹਨਾਂ ਕਿਹਾ ਦੇਸ਼ ਭਰ ਵਿਚ ਅਜਿਹੇ ਕਈ ਉਦਾਹਰਣ ਹਨ, ਜਿੱਥੇ ਲੋਕ ਆਤਮ ਨਿਰਭਰ ਭਾਰਤ ਮੁਹਿੰਮ ਵਿਚ ਅਪਣਾ ਯੋਗਦਾਨ ਦੇ ਰਹੇ ਹਨ।