India Toy Fair 2021: ਖਿਡੌਣਿਆਂ ਦੇ ਖੇਤਰ ਵਿਚ ਛੁਪੀ ਹੈ ਭਾਰਤ ਦੀ ਤਾਕਤ- ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ ਕੀਤਾ ‘ਭਾਰਤ ਖਿਡੌਣਾ ਮੇਲਾ 2021’ ਦਾ ਉਦਘਾਟਨ

Narendra Modi at the India Toy Fair 2021

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ‘ਭਾਰਤ ਖਿਡੌਣਾ ਮੇਲਾ 2021’ ਦਾ ਉਦਘਾਟਨ ਕੀਤਾ। ਆਤਮ ਨਿਰਭਰ ਭਾਰਤ ਮੁਹਿੰਮ ਵਿਚ ਵੋਕਲ ਫਾਰ ਲੋਕਲ ਦੇ ਤਹਿਤ ਦੇਸ਼ ਨੂੰ ਖਿਡੌਣਾ ਨਿਰਮਾਣ ਦਾ ਗਲੋਬਲ ਕੇਂਦਰ ਬਣਾਉਣ ਦੇ ਮਕਸਦ ਨਾਲ ਸਿੱਖਿਆ ਮੰਤਰਾਲਾ, ਔਰਤ ਤੇ ਬਾਲ ਵਿਕਾਸ ਮੰਤਰਾਲਾ, ਕੱਪੜਾ ਮੰਤਰਾਲਾ ਵੱਲੋਂ ਮਿਲ ਕੇ ਇਸ ਮੇਲੇ ਆਯੋਜਨ ਕੀਤਾ ਗਿਆ ਹੈ।

ਇਸ ਦੌਰਾਨ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ ਦੇਸ਼ ਦੇ ਪਹਿਲੇ ਖਿਡੌਣਾ ਮੇਲੇ ਦੀ ਸ਼ੁਰੂਆਤ ਦਾ ਹਿੱਸਾ ਬਣ ਰਹੇ ਹਾਂ। ਇਹ ਸਿਰਫ ਇਕ ਵਪਾਰਕ ਅਤੇ ਆਰਥਿਕ ਪ੍ਰੋਗਰਾਮ ਨਹੀਂ ਹੈ, ਇਹ ਦੇਸ਼ ਦੇ ਸਦੀਆਂ ਪੁਰਾਣੇ ਖੇਡਾਂ ਅਤੇ ਉਤਸ਼ਾਹ ਦੇ ਸਭਿਆਚਾਰ ਨੂੰ ਮਜ਼ਬੂਤ ​​ਕਰਨ ਦੀ ਕੜੀ ਹੈ।

ਉਹਨਾਂ ਕਿਹਾ ਦੇਸ਼ ਦੇ ਖਿਡੌਣਾ ਉਦਯੋਗ ਵਿਚ ਬਹੁਤ ਵੱਡੀ ਤਾਕਤ ਛੁਪੀ ਹੋਈ ਹੈ। ਇਸ ਤਾਕਤ ਨੂੰ ਵਧਾਉਣ, ਇਹ ਦੀ ਪਛਾਣ ਨੂੰ ਵਧਾਉਣਾ ਆਤਮ ਨਿਰਭਰ ਭਾਰਤ ਦਾ ਬਹੁਤ ਵੱਡਾ ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸਿੰਧੂ ਘਾਟੀ ਸੱਭਿਅਤਾ, ਮੋਹਿਨਜੋਦੜੋ ਅਤੇ ਹੜੱਪਾ ਦੇ ਦੌਰ ਦੇ ਖਿਡੌਣਿਆਂ ’ਤੇ ਪੂਰੀ ਦੁਨੀਆਂ ਨੇ ਖੋਜ ਕੀਤੀ ਹੈ। ਪ੍ਰਚੀਨ ਕਾਲ ਵਿਚ ਦੁਨੀਆਂ ਭਰ ਵਿਚੋਂ ਯਾਤਰੀ ਜਦੋਂ ਭਾਰਤ ਆਉਂਦੇ ਸੀ ਤਾਂ ਭਾਰਤ ਦੇ ਖਿਡੌਣੇ ਅਪਣੇ ਨਾਲ ਲੈ ਕੇ ਜਾਂਦੇ ਸੀ।

ਉਹਨਾਂ ਕਿਹਾ ਅੱਜ ਜੋ ਸ਼ਤਰੰਜ ਦੁਨੀਆਂ ਭਰ ਵਿਚ ਪਸੰਦ ਕੀਤੀ ਜਾਂਦੀ ਹੈ, ਉਹ ਪਹਿਲਾਂ ਭਾਰਤ ਵਿਚ ‘ਚਤੁਰੰਗ’ ਦੇ ਰੂਪ ਵਿਚ ਖੇਡੀ ਜਾਂਦੀ ਸੀ। ਸਾਡੇ ਧਾਰਮਕ ਗ੍ਰੰਥਾਂ ਵਿਚ ਵੀ ਵੱਖ-ਵੱਖ ਖਿਡੌਣਿਆਂ ਦਾ ਜ਼ਿਕਰ ਮਿਲਦਾ ਹੈ। ਪੀਐਮ ਮੋਦੀ ਨੇ ਕਿਹਾ ਭਾਰਤੀ ਖਿਡੌਣਿਆਂ ਦੀ ਇਹ ਖ਼ਾਸੀਅਤ ਹੈ ਕਿ ਉਹਨਾਂ ਵਿਚ ਗਿਆਨ ਹੁੰਦਾ ਹੈ, ਵਿਗਿਆਨ ਵੀ ਹੁੰਦਾ ਹੈ, ਮਨੋਰੰਜਨ ਵੀ ਹੰਦਾ ਹੈ।

ਉਹਨਾਂ ਦੱਸਿਆ ਕਿ ਨਵੀਂ ਸਿੱਖਿਆ ਨੀਤੀ ਵਿਚ ਖੇਡ ਅਧਾਰਤ ਗਤੀਵਿਧੀਆਂ ਨੂੰ ਵੱਡੇ ਪੱਧਰ ‘ਤੇ ਸ਼ਾਮਲ ਕੀਤਾ ਗਿਆ ਹੈ। ਪੀਐਮ ਮੋਦੀ ਨੇ ਕਿਹਾ ਦੇਸ਼ ਵਿਚ 85 ਫੀਸਦੀ ਖਿਡੌਣੇ ਵਿਦੇਸ਼ ਤੋਂ ਮੰਗਵਾਏ ਜਾਂਦੇ ਹਨ। ਪਿਛਲੇ 7 ਦਹਾਕਿਆਂ ਵਿਚ ਭਾਰਤੀ ਕਾਰੀਗਰਾਂ ਅਤੇ ਭਾਰਤੀ ਵਿਰਾਸਤ ਦੀ ਜੋ ਅਣਦੇਖੀ ਹੋਈ ਹੈ, ਉਸ ਦਾ ਨਤੀਜਾ ਇਹ ਹੈ ਕਿ ਭਾਰਤ ਦੇ ਬਾਜ਼ਰ ਤੋਂ ਲੈ ਕੇ ਪਰਿਵਾਰ ਤੱਕ ਵਿਦੇਸ਼ੀ ਖਿਡੌਣੇ ਜਮ੍ਹਾਂ ਹੋ ਗਏ ਹਨ।