ਭਾਜਪਾ ਜਨਰਲ ਸਕੱਤਰ ‘ਤੇ ਕੇਂਦਰੀ ਮੰਤਰੀ ਦੇ ਫਰਜ਼ੀ ਦਸਤਖਤ ਦਿਖਾ ਕੇ ਕਰੋੜਾਂ ਦੀ ਧੋਖਾਧੜੀ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਜਨਰਲ ਸਕੱਤਰ ਸਮੇਤ 8 ਹੋਰ ਲੋਕਾਂ ਖਿਲਾਫ਼ ਧੋਖਾਧੜੀ ਦੇ ਦੋਸ਼ ਵਿਚ ਹੈਦਰਾਬਾਦ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

P Muralidhar Rao

ਹੈਦਰਾਬਾਦ: ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਪੀ ਮੁਰਲੀਧਰ ਰਾਓ ਸਮੇਤ 8 ਹੋਰ ਲੋਕਾਂ ਖਿਲਾਫ਼ ਧੋਖਾਧੜੀ ਦੇ ਦੋਸ਼ ਵਿਚ ਮੰਗਲਵਾਰ ਨੂੰ ਹੈਦਰਾਬਾਦ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਕ ਰਿਪੋਰਟ ਮੁਤਾਬਿਕ ਇਨ੍ਹਾਂ ਲੋਕਾਂ ‘ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਫਰਜ਼ੀ ਦਸਤਖਤ ਦਿਖਾ ਕੇ ਕਾਰੋਬਾਰ ਕਰਨ ਨਾਲ ਕਰੋੜਾਂ ਰੁਪਏ ਦੀ ਠੱਗੀ ਦਾ ਦੋਸ਼ ਹੈ।

ਹੈਦਰਾਬਾਦ ਦੇ ਇਕ ਕਾਰੋਬਾਰੀ ਮਹਿਪਾਲ ਰੇਡੀ ਦੀ ਪਤਨੀ ਟੀ ਪ੍ਰਵਾਣੀ ਰੇਡੀ (41) ਦੀ ਸ਼ਿਕਾਇਤ ਦੇ ਅਧਾਰ ‘ਤੇ ਸੂਰਜਨਗਰ ਪੁਲਿਸ ਥਾਣੇ ਵਿਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

ਉਸ ਨੇ ਆਰੋਪ ਲਗਾਇਆ ਹੈ ਕਿ ਇਹਨਾਂ ਨੇ ਹੈਦਰਾਬਾਦ ਦੇ ਇਕ ਪ੍ਰਾਪਰਟੀ ਡੀਲਰ ਨੂੰ ਕੇਂਦਰ ਸਰਕਾਰ ਵਿਚ ਨੋਮੀਨੇਟਡ ਪੋਸਟ ਦਿਵਾਉਣ ਦੇ ਨਾਂਅ ‘ਤੇ ਪੈਸੇ ਲਏ ਹਨ। ਪੀੜਿਤ ਦਾ ਕਹਿਣਾ ਹੈ ਕਿ ਉਸ ਨੂੰ ਉਸ ਸਮੇਂ ਦੇ ਵਪਾਰ ਮੰਤਰੀ ਨਿਰਮਲਾ ਸੀਤਾਰਮਨ ਦੇ ਦਸਤਖਤ ਵਾਲਾ ਨਿਯੁਕਤੀ ਪੱਤਰ ਦਿਖਾ ਕੇ ਪੈਸੇ ਲਏ ਗਏ ਸਨ। 

ਹਾਲਾਂਕਿ ਰਾਓ ਨੇ ਇਹਨਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਜੋ ਮੇਰੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ, ਮੇਰਾ ਇਸ ਨਾਲ ਕੋਈ ਲੈਣ ਦੇਣ ਨਹੀਂ ਹੈ।

ਪੁਲਿਸ ਨੇ ਸਾਰੇ ਨੋ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰਾ 406, 420, 268, 471, 506 ਅਤੇ 120 ਬੀ ਅਤੇ ਸੀਆਰਪੀਸੀ ਦੀ ਧਾਰਾ 156(3) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਕ ਹੋਰ ਰਿਪੋਰਟ ਅਨੁਸਾਰ ਦੋਸ਼ੀ ਨੇ ਨਿਯੁਕਤੀ ਪੱਤਰ ਦੇਣ ਵਿਚ ਦੇਰੀ ਕੀਤੀ, ਜਿਸ ਤੋਂ ਬਾਅਦ ਜੋੜੇ ਨੇ ਪੈਸੇ ਵਾਪਿਸ ਮੰਗੇ, ਜਿਸ ‘ਤੇ ਮੁਰਲੀਧਰ ਰਾਓ ਨੇ ਉਹਨਾਂ ਨੂੰ ਕਥਿਤ ਤੌਰ ‘ਤੇ ਧਮਕੀ ਦਿੱਤੀ ਸੀ।

ਇਸਤੋਂ ਬਾਅਦ ਭਾਜਪਾ ਦੇ ਇਕ ਨੇਤਾ ਨੇ ਜੋੜੇ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਪੈਸੇ ਵਾਪਿਸ ਕਰਨ ਦਾ ਵਾਅਦਾ ਕੀਤਾ ਅਤੇ ਉਹਨਾਂ ਨੂੰ ਦਸਤਖਤ ਕੀਤੇ ਹੋਏ ਚੈੱਕ ਵੀ ਸੌਂਪੇ, ਪਰ ਉਹਨਾਂ ਨੂੰ ਪੈਸੇ ਨਹੀਂ ਮਿਲੇ। ਦਿੱਲੀ ਦੀ ਸਾਈਬਰ ਕਰਾਈਮ ਸ਼ਾਖਾ ਨੇ ਮਾਮਲਾ ਦਰਜ ਕੀਤਾ ਹੈ ਅਤੇ ਸਤੰਬਰ 2016 ਵਿਚ ਪੀੜਤਾਂ ਦੇ ਬਿਆਨ ਦਰਜ ਕੀਤੇ ਸੀ। ਹੁਣ ਜੋੜੇ ਨੇ ਜ਼ਿਲ੍ਹਾ ਅਦਾਲਤ ਵੱਲ ਰੁਖ ਕੀਤਾ ਹੈ।