ਕਨ੍ਹਈਆ ਕੁਮਾਰ ਦੀ ਡੋਨੇਸ਼ਨ ਵਾਲੀ ਵੈਬਸਾਈਟ ਬੰਦ, ਸਾਜਸ਼ ਦਾ ਦੋਸ਼ ਲਗਾਇਆ
ਬੇਗੁਸਰਾਏ ਸੀਟ ਤੋਂ ਚੋਣ ਲੜ ਰਹੇ ਹਨ ਕਨ੍ਹਈਆ ਕੁਮਾਰ
ਨਵੀਂ ਦਿੱਲੀ : ਬਿਹਾਰ ਦੀ ਬੇਗੂਸਰਾਏ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਜੇ.ਐਨ.ਯੂ. ਵਿਦਿਆਰਥੀ ਸੰਗਠਨ ਦੇ ਸਾਬਕਾ ਪ੍ਰਧਾਨ ਅਤੇ ਸੀਪੀਆਈ ਉਮੀਦਵਾਰ ਕਨ੍ਹਈਆ ਕੁਮਾਰ ਵੱਲੋਂ ਡੋਨੇਸ਼ਨ ਲਈ ਸ਼ੁਰੂ ਕੀਤੀ ਗਈ ਵੈਬਸਾਈਟ ਡਾਊਨ ਹੋ ਗਈ ਹੈ। ਵੈਬਸਾਈਟ ਓਪਨ ਕਰਨ 'ਤੇ 'ਵੀ ਬਿਵ ਬੀ ਬੈਕ ਸੂਨ' ਲਿਖਿਆ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਕਨ੍ਹਈਆ ਕੁਮਾਰ ਇਸ ਵੈਬਸਾਈਟ ਰਾਹੀਂ ਚੋਣ ਲੜਨ ਲਈ ਲੋਕਾਂ ਤੋਂ ਆਰਥਕ ਸਹਿਯੋਗ ਮੰਗ ਰਹੇ ਹਨ। ਉਨ੍ਹਾਂ ਨੇ ਪਿਛਲੇ 28 ਘੰਟਿਆਂ 'ਚ 28 ਲੱਖ ਰੁਪਏ ਵੀ ਜੁਟਾ ਲਏ ਪਰ ਵੀਰਵਾਰ ਸਵੇਰ ਵੈਬਸਾਈਟ ਡਾਊਨ ਹੋ ਗਈ।
ਕਨ੍ਹਈਆ ਕੁਮਾਰ ਨੇ ਇਸ ਬਾਰੇ ਆਪਣੇ ਫ਼ੇਸਬੁਕ ਪੇਜ਼ 'ਤੇ ਲਿਖਿਆ, "ਪਿਛਲੇ ਦੋ ਦਿਨ ਲਗਾਤਾਰ ਸਾਈਬਰ ਅਟੈਕ ਕਰ ਕੇ ਵਾਰ-ਵਾਰ ਸਾਡੀ ਡੋਨੇਸ਼ਨ ਵਾਲੀ ਵੈਬਸਾਈਟ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਵੈਬਸਾਈਟ ਦੀ ਤਕਨੀਕੀ ਟੀਮ ਨੇ ਕਈ ਵਾਰ ਵੈਬਸਾਈਟ ਨੂੰ ਠੀਕ ਕੀਤਾ ਅਤੇ ਅੱਜ ਉਨ੍ਹਾਂ ਨੂੰ ਸਰਵਰ ਡਾਊਨ ਕਰ ਕੇ ਇਕ ਵਾਰ ਫਿਰ ਵੈਬਸਾਈਟ ਨੂੰ ਠੀਕ ਕਰਨਾ ਪੈ ਰਿਹਾ ਹੈ।"
ਕਨ੍ਹਈਆ ਕੁਮਾਰ ਨੇ ਲਿਖਿਆ, "ਜਿਨ੍ਹਾਂ ਨੇ ਪੈਸੇ ਭੇਜੇ ਹਨ, ਉਹ ਯਕੀਨ ਰੱਖਣ ਕਿਉਂਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ। ਅਸੀ ਛੇਤੀ ਤੋਂ ਛੇਤੀ ਵੈਬਸਾਈਟ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਮੀਦ ਹੈ ਕਿ ਇਹ ਜਾਣਕਾਰੀ ਸ਼ੇਅਰ ਕਰ ਕੇ ਸਾਡੀ ਗੱਲ ਦੂਰ ਤਕ ਪਹੁੰਚਾਉਣ 'ਚ ਮਦਦ ਕਰੋਗੇ। ਸਾਜਸ਼ਾਂ ਹਾਰਣਗੀਆਂ, ਸਾਡੀ ਏਕਤਾ ਜਿੱਤੇਗੀ।"
ਜ਼ਿਕਰਯੋਗ ਹੈ ਕਿ ਕਨ੍ਹਈਆ ਕੁਮਾਰ ਬੇਗੁਸਰਾਏ ਸੀਟ ਤੋਂ ਚੋਣ ਮੈਦਾਨ 'ਚ ਹਨ। ਪੂਰੇ ਦੇਸ਼ ਦੀ ਨਜ਼ਰ ਇਸ ਸੀਟ 'ਤੇ ਟਿਕ ਗਈ ਹੈ। ਕਨ੍ਹਈਆ ਦਾ ਮੁਕਾਬਲਾ ਭਾਜਪਾ ਆਗੂ ਗਿਰੀਰਾਜ ਸਿੰਘ ਨਾਲ ਹੈ। ਉਥੇ ਹੀ ਆਰ.ਜੇ.ਡੀ. ਨੇ ਤਨਵੀਰ ਹਸਨ ਨੂੰ ਉਮੀਦਵਾਰ ਬਣਾਇਆ ਹੈ। ਕਨ੍ਹਈਆ ਕੁਮਾਰ ਚੋਣਾਂ ਲਈ ਆਰਥਕ ਸਹਿਯੋਗ ਮੰਗ ਰਹੇ ਹਨ ਅਤੇ ਆਨਲਾਈਨ 70 ਲੱਖ ਰੁਪਏ ਇਕੱਤਰ ਕਰਨ ਦਾ ਟੀਚਾ ਰੱਖਿਆ ਹੈ।