ਭਾਜਪਾ ਦੀ ਰੈਲੀ ਦੌਰਾਨ ਪੁਲਿਸ ਦੀ ਗੱਡੀ 'ਚ ਖਾਣਾ ਲਿਆ ਕੇ ਵੰਡਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਸ਼ਾਸਨ ਵਲੋਂ ਪੁਲਿਸ ਗੱਡੀ 'ਚ ਖਾਣਾ ਵੰਡੇ ਜਾਣ ਦੀ ਜਾਂਚ ਦੇ ਆਦੇਸ਼

BJP Rally

ਨਵੀਂ ਦਿੱਲੀ- ਜਦੋਂ ਤੋਂ ਲੋਕ ਸਭਾ ਚੋਣਾਂ ਸ਼ੁਰੂ ਹੋਈਆਂ ਹਨ, ਉਦੋਂ ਤੋਂ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੇ ਜਾਣ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਖ਼ਾਸ ਤੌਰ 'ਤੇ ਭਾਜਪਾ ਉਮੀਦਵਾਰਾਂ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਤਾਂ ਨਿੱਤ ਦਿਨ ਸਾਹਮਣੇ ਆ ਰਹੇ ਹਨ। ਹੁਣ ਜੰਮੂ-ਕਸ਼ਮੀਰ ਦੇ ਆਨੰਤਨਾਗ ਸੰਸਦੀ ਖੇਤਰ ਵਿਚ ਪੁਲਿਸ ਦੀ ਗੱਡੀ ਵਿਚ ਭਾਜਪਾ ਵਰਕਰਾਂ ਲਈ ਖਾਣੇ ਦੇ ਪੈਕੇਟ ਅਤੇ ਪਾਣੀ ਦੀਆਂ ਬੋਤਲਾਂ ਲਿਆ ਕੇ ਵੰਡਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜੰਮੂ ਕਸ਼ਮੀਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਜੰਗੀ ਵਾਹਨ ਅਸਲ ਵਿਚ ਸੁਰੱਖਿਆ ਅਧਿਕਾਰੀਆਂ ਨੂੰ ਲਿਜਾਣ ਲਈ ਵਰਤਿਆ ਜਾਂਦਾ ਹੈ।

ਜਿਸ ਦੀ ਦੁਰਵਰਤੋਂ ਕੀਤੀ ਗਈ ਹੈ। ਘਾਟੀ ਦੇ ਅਨੰਤਨਾਗ ਵਿਚ ਹੋਈ ਭਾਜਪਾ ਦੀ ਇਸ ਰੈਲੀ ਵਿਚ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਪਹੁੰਚੇ ਹੋਏ ਸਨ। ਪੁਲਿਸ ਦੀ ਗੱਡੀ ਨੂੰ ਭਾਜਪਾ ਦੀ ਰੈਲੀ ਵਿਚ ਖਾਣਾ ਲਿਜਾਣ ਲਈ ਵਰਤੇ ਜਾਣ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।

ਇਸ ਘਟਨਾ 'ਤੇ ਟਿੱਪਣੀ ਕਰਦਿਆਂ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਵਿਅੰਗ ਕਰਦਿਆਂ ਟਵਿੱਟਰ 'ਤੇ ਲਿਖਿਆ ਕਿ ''ਵੈਲਡਨ ਜੰਮੂ ਕਸ਼ਮੀਰ ਪੁਲਿਸ ਤੁਸੀਂ ਹਮੇਸ਼ਾ ਲੋੜਵੰਦ ਲੋਕਾਂ ਦੀ ਮਦਦ ਕੀਤੀ ਹੈ ਅਤੇ ਇਹ ਇਕ ਹੋਰ ਉਦਾਹਰਨ ਹੈ।

'' ਦਸ ਦਈਏ ਕਿ ਅਨੰਤਨਾਗ ਵਿਚ ਚੋਣਾਂ ਤਿੰਨ ਪੜਾਵਾਂ ਵਿਚ 6 ਮਈ ਤੱਕ ਹੋਣਗੀਆਂ। ਇੱਥੋਂ ਭਾਜਪਾ ਵਲੋਂ ਸੋਫ਼ੀ ਯੂਸਫ਼ ਚੋਣ ਲੜ ਰਹੇ ਹਨ। ਜਦਕਿ ਕਾਂਗਰਸ ਦੇ ਗ਼ੁਲਾਮ ਹਸਨ ਮੀਰ, ਨੈਸ਼ਨਲ ਕਾਨਫਰੰਸ ਦੇ ਜਸਟਿਸ ਹਸਨੈਨ ਮਸੂਦੀ ਅਤੇ ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਚੋਣ ਮੈਦਾਨ ਵਿਚ ਹਨ। ਦੇਖੋ ਵੀਡੀਓ......