70 ਸਾਲਾਂ 'ਚ ਨੋਟਬੰਦੀ ਵਰਗੀ ਬੇਵਕੂਫ਼ੀ ਕਿਸੇ ਪ੍ਰਧਾਨ ਮੰਤਰੀ ਨੇ ਵੀ ਨਹੀਂ ਕੀਤੀ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ ਦੀ ਸੰਸਦੀ ਸੀਟ ਰਾਏਬਰੇਲੀ 'ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Rahul Gandhi

ਰਾਏਬਰੇਲੀ/ਸੰਗਮਨੇਰ (ਮਹਾਰਾਸ਼ਟਰ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਯੂ.ਪੀ.ਏ. ਪ੍ਰਧਾਨ ਸੋਨੀਆ ਗਾਂਧੀ ਦੀ ਸੰਸਦੀ ਸੀਟ ਰਾਏਬਰੇਲੀ 'ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਇੱਥੇ 'ਚੌਕੀਦਾਰ ਚੋਰ ਹੈ' ਦੇ ਨਾਅਰੇ ਵੀ ਲਗਵਾਏ। ਰਾਹੁਲ ਨੇ ਕਿਹਾ ਕਿ 70 ਸਾਲ 'ਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਨੋਟਬੰਦੀ ਵਰਗੀ ਬੇਵਕੂਫ਼ੀ ਨਹੀਂ ਕੀਤੀ। ਰਾਹੁਲ ਨੇ ਕਿਹਾ,''ਜੇਕਰ ਨੋਟਬੰਦੀ ਕਾਲਾ ਧਨ ਵਾਪਸ ਲਿਆਉਣ ਲਈ ਸੀ ਤਾਂ ਚੋਰ ਲਾਈਨ ਵਿਚ ਕਿਉਂ ਨਹੀਂ ਲੱਗੇ ਸਨ।

ਸਾਰੇ ਈਮਾਨਦਾਰ ਲਾਈਨ ਵਿਚ ਕਿਉਂ ਲੱਗੇ ਸਨ, ਬੇਰੁਜ਼ਗਾਰ ਅਤੇ ਕਿਸਾਨ ਲਾਈਨ ਵਿਚ ਕਿਉਂ ਲੱਗੇ ਸਨ, ਕਿਉਂਕਿ ਚੌਕੀਦਾਰ ਨੇ ਤੁਹਾਡੀ ਜੇਬ ਵਿਚੋਂ ਰੁਪਏ ਕੱਢ-ਕੱਢ ਕੇ 15 ਚੋਰਾਂ ਨੂੰ ਵੰਡ ਦਿਤੇ।'' ਉਨ੍ਹਾਂ ਕਿਹਾ,''ਮੋਦੀ ਜੀ ਨੇ ਤੁਹਾਡੇ ਨਾਲ 15 ਲੱਖ ਰੁਪਏ ਦਾ ਝੂਠ ਬੋਲਿਆ।'' ਰਾਹੁਲ ਨੇ ਕਿਹਾ,''ਅਸੀਂ ਇੱਥੇ ਮਨ ਕੀ ਬਾਤ ਦੱਸਣ ਨਹੀਂ ਆਏ ਹਾਂ, ਅਸੀਂ ਤੁਹਾਡੇ ਮਨ ਦੀ ਗੱਲ ਸੁਣਨ ਆਏ ਹਾਂ। ਰਾਏਬਰੇਲੀ, ਅਮੇਠੀ ਵਿਚ ਅਸੀਂ ਜੋ ਵੀ ਕਰਵਾਉਣਾ ਚਾਹਿਆ, ਉਸ ਨੂੰ ਮੋਦੀ ਜੀ ਨੇ ਰੋਕ ਦਿਤਾ। 

ਉਨ੍ਹਾਂ ਨੇ ਅਮੇਠੀ ਵਿਚ ਰੇਲਵੇ ਲਾਈਨ ਨੂੰ ਰੋਕਿਆ, ਰਾਏਬਰੇਲੀ ਵਿਚ ਰੇਲਵੇ ਫ਼ੈਕਟਰੀ ਨੂੰ ਰੋਕਿਆ। ਚੌਕੀਦਾਰ ਨੇ ਤੁਹਾਡਾ ਰੁਜ਼ਗਾਰ ਚੋਰੀ ਕੀਤਾ ਹੈ। ਰੇਲਵੇ ਫ਼ੈਕਟਰੀ ਚੋਰੀ ਕੀਤੀ। ਅਸੀਂ ਉਹ ਸਭ ਤੁਹਾਨੂੰ ਵਾਪਸ ਕਰਾਂਗੇ।'' ਰਾਹੁਲ ਨੇ ਕਿਹਾ,''ਦੇਸ਼ ਵਿਚ ਕਈ ਵੀ ਇਕ ਨੌਜੁਆਨ ਇਹ ਨਹੀਂ ਕਹੇਗਾ। ਹਾਂ ਚੌਕੀਦਾਰ ਨੇ ਮੈਨੂੰ ਨੌਕਰੀ ਦਿਤੀ, ਕਿਉਂਕਿ ਬੇਰੁਜ਼ਗਾਰੀ ਦਰ ਪਿਛਲੇ 45 ਸਾਲਾਂ ਵਿਚ ਸਭ ਤੋਂ ਵਧ ਹੈ। ਨਰਿੰਦਰ ਮੋਦੀ ਜੀ 70 ਸਾਲਾਂ 'ਚ ਨੋਟਬੰਦੀ ਵਰਗੀ ਬੇਵਕਫ਼ੀ ਕਿਸੇ ਨੇ ਨਹੀਂ ਕੀਤੀ। ਗ਼ਰੀਬਾਂ ਦਾ ਪੈਸਾ ਖੋਹਣ ਦਾ ਕੰਮ ਇਕ ਹੀ ਪ੍ਰਧਾਨ ਮੰਤਰੀ ਨੇ ਕੀਤਾ ਹੈ, ਉਹ ਹੈ ਨਰਿੰਦਰ ਮੋਦੀ। ਵਾਜਪਾਈ ਨੇ ਵੀ ਨਹੀਂ ਕੀਤਾ।'' 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਨੇ ਜਿਸ ''ਘੱਟ ਆਮਦਨ ਗਰੰਟੀ'' ਦੀ ਕਲਪਨਾ ਕੀਤੀ ਹੈ, ਉਹ ਜੀਐਸਟੀ ਅਤੇ ਨੋਟਬੰਦੀ ਵਰਗੇ ਫ਼ੈਸਲਿਆਂ ਤੋਂ ਪ੍ਰਭਾਵਤ ਦੇਸ਼ ਦੀ ਅਰਥਵਿਵਸਥਾ ਨੂੰ ਪੱਟੜੀ 'ਤੇ ਲੈ ਕੇ ਆਵੇਗੀ। ਰਾਹੁਲ ਨੇ ਕਿਹਾ,''ਨਿਆਂ ਯੋਜਨਾ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਏਗੀ, 22 ਲੱਖ ਨੌਕਰੀਆਂ ਅੱਜ ਖਾਲੀ ਪਈਆਂ ਹਨ, ਬੇਰੁਜ਼ਗਾਰੀ ਹੈ ਪਰ ਨਰਿੰਦਰ ਮੋਦੀ ਇਨ੍ਹਾਂ ਨੂੰ ਭਰਨਾ ਨਹੀਂ ਚਾਹੁੰਦੇ ਹਨ। ਸਾਡੀ ਸਰਕਾਰ ਆਏਗੀ ਤਾਂ ਅਸੀਂ ਇਕ ਸਾਲ ਦੇ ਅੰਦਰ 22 ਲੱਖ ਭਰਤੀਆਂ ਕਰਾਂਗੇ।'' ਰਾਹੁਲ ਨੇ ਕਿਹਾ ਕਿ ਚੰਗੇ ਦਿਨ ਦਾ ਨਾਅਰਾ ਨਹੀਂ ਚੱਲਿਆ, ਹੁਣ ਨਵਾਂ ਨਾਅਰਾ ਚੱਲਿਆ ਹੈ। ਇਸੇ ਦੇ ਨਾਲ ਰਾਹੁਲ ਨੇ 'ਚੌਕੀਦਾਰ ਚੋਰ ਹੈ'' ਦਾ ਨਾਅਰਾ ਲਗਾਇਆ।               (ਪੀਟੀਆਈ)