ਮੋਦੀ ਨੂੰ ਪੰਜ ਅਤੇ ਰਾਹੁਲ ਨੂੰ ਛੇ ਵਾਰ ਮਿਲਿਆ ਇਨਕਮ ਟੈਕਸ ਰਿਫ਼ੰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸੇ ਵੀ ਵਿਅਕਤੀ ਦੇ ਪੈਨ ਕਾਰਡ ਦੇ ਆਧਾਰ 'ਤੇ ਉਸ ਦੇ ਰਿਫ਼ੰਡ ਦਾ ਵੇਰਵਾ ਮਿਲ ਸਕਦੈ

Narendra Modi & Rahul Gandhi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ 18 ਸਾਲਾਂ ਵਿਚ ਲਗਭਗ ਪੰਜ ਵਾਰ ਇਨਕਮ ਟੈਕਸ ਰਿਫ਼ੰਡ ਮਿਲਿਆ ਹੈ ਜਦਕਿ ਇਸੇ ਸਮੇਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਛੇ ਵਾਰ ਇਨਕਮ ਟੈਕਸ ਰਿਫ਼ੰਡ ਮਿਲਿਆ ਹੈ। ਇਨਕਮ ਟੈਕਸ ਵਿਭਾਗ ਦੇ ਟੈਕਸ ਸੂਚਨਾ ਨੈਟਵਰਕ ਵਲੋਂ ਰਿਫ਼ੰਡ ਦੀ ਸਥਿਤੀ 'ਤੇ ਆਨਲਾਈਨ ਦਿਤੀ ਜਾਣ ਵਾਲੀ ਸਹੂਲਤ ਰਾਹੀਂ ਇਹ ਜਾਣਕਾਰੀ ਮਿਲੀ ਹੈ। ਇਸ ਰਾਹੀਂ ਸਾਲ 2001-02 ਦੇ ਬਾਅਦ ਤੋਂ ਕਿਸੇ ਵੀ ਵਿਅਕਤੀ ਦੇ ਪੈਨ ਕਾਰਡ ਦੇ ਆਧਾਰ 'ਤੇ ਉਸ ਦੇ ਰਿਫ਼ੰਡ ਦਾ ਵੇਰਵਾ ਮਿਲ ਸਕਦਾ ਹੈ।

ਇਹ ਪੈਨ ਨੰਬਰ ਲੋਕ ਸਭਾ ਚੋਣਾਂ ਲਈ ਇਨ੍ਹਾਂ ਆਗੂਆਂ ਵਲੋਂ ਦਿਤੇ ਗਏ ਹਲਫ਼ਨਾਮੇ ਤੋਂ ਹਾਸਲ ਕੀਤੇ ਗਏ ਹਨ। ਰਾਹੁਲ ਗਾਂਧੀ ਦੀ ਮਾਤਾ ਤੇ ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੂੰ ਵੀ ਸਾਲ 2001-02 ਤੋਂ ਲਗਭਗ ਪੰਜ ਵਾਰ ਇਹ ਰਿਫ਼ੰਡ ਮਿਲਿਆ ਹੈ ਹਾਲਾਂਕਿ ਉਨ੍ਹਾਂ ਦੇ ਰਿਫ਼ੰਡ ਨੂੰ ਕਿਸੇ ਵੀ ਬਕਾਇਆ ਮੰਗ ਵਿਚ ਸ਼ਾਮਲ ਨਹੀਂ ਕੀਤਾ ਗਿਆ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਇਨ੍ਹਾਂ 18 ਸਾਲਾਂ ਦੌਰਾਨ ਸਿਰਫ਼ ਇਕ ਵਾਰ ਹੀ ਰਿਫ਼ੰਡ ਮਿਲਿਆ ਹੈ ਹਾਲਾਂਕਿ ਇਸ ਪੋਰਟਲ 'ਤੇ ਰਿਫ਼ੰਡ ਦੀ ਰਕਮ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਇਸ ਵਿਚ ਰਿਫ਼ੰਡ, ਚਾਲਾਨ ਨੰਬਰ ਤੇ ਭੁਗਤਾਨ ਦੇ ਜ਼ਰੀਏ ਦਾ ਜ਼ਿਕਰ ਕੀਤਾ ਗਿਆ ਹੈ। 

ਰਿਕਾਰਡ ਮੁਤਾਬਕ, ਮੋਦੀ ਨੂੰ 2018-19 ਲਈ ਰਿਫ਼ੰਡ 26 ਸਤੰਬਰ, 2018 ਨੂੰ ਸਿੱਧੇ ਉਨ੍ਹਾਂ ਦੇ ਖਾਤੇ ਵਿਚ ਮਿਲਿਆ। ਇਸੇ ਸਾਲ ਸੋਨੀਆ ਨੂੰ 6 ਅਕਤੂਬਰ 2018 ਨੂੰ ਅਤੇ ਰਾਹੁਲ ਗਾਂਧੀ ਨੂੰ 26 ਮਾਰਚ 2019 ਨੂੰ ਇਹ ਰਿਫ਼ੰਡ ਮਿਲਿਆ। ਇਨ੍ਹਾਂ ਵਿਚ ਦਿਲਚਸਪ ਗੱਲ ਇਹ ਹੈ ਕਿ ਰਾਹੁਲ ਅਤੇ ਸੋਨੀਆ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਅਪਣੇ ਹਲਫ਼ਨਾਮੇ ਵਿਚ ਕਿਹਾ ਹੈ ਕਿ ਇਨਕਮ ਟੈਕਸ ਵਿਭਾਗ ਨੇ ਸਾਲ 2011-12 ਲਈ ਉਨ੍ਹਾਂ ਵਿਰੁਧ ਮੁੜ ਆਕਲਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ ਅਤੇ ਵਿਭਾਗ ਨੇ 31 ਦਸੰਬਰ 2018 ਨੂੰ ਟੈਕਸ ਮੰਗ ਲਈ ਮੁੜ ਆਕਲਨ ਦਾ ਨਿਰਦੇਸ਼ ਦਿਤਾ ਹੈ। ਇਨਕਮ ਟੈਕਸ ਵਿਭਾਗ ਦੀ ਇਸ ਪ੍ਰਕਿਰਿਆ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦਿਤੀ ਗਈ ਹੈ।