ਦੋ ਵੋਟਰ ਆਈਡੀ ਕਾਰਡ ਰੱਖਣ ਦੇ ਦੋਸ਼ਾਂ ’ਤੇ ਗੰਭੀਰ ਨੇ ਦਿੱਤਾ ਆਪ ਨੂੰ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ

NCR EC will decide two voter id cards says Gautam Gambhir on Atishi allegations

ਨਵੀਂ ਦਿੱਲੀ: ਵੋਟਾਂ ਲਈ ਦੋ ਪਹਿਚਾਣ ਪੱਤਰ ਰੱਖਣ ਦੇ ਦੋਸ਼ ਵਿਚ ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਆਮ ਆਦਮੀ ਪਾਰਟੀ ਦੇ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ ਹੈ। ਆਪ ਉਮੀਦਵਾਰ ਆਤਿਸ਼ੀ ਦੇ ਦੋਸ਼ਾਂ ’ਤੇ ਗੰਭੀਰ ਨੇ ਕਿਹਾ ਕਿ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ ਇਸ ਲਈ ਉਹ ਅਜਿਹਾ ਕਰ ਰਹੇ ਹਨ। ਗੌਤਮ ਗੰਭੀਰ ਨੇ ਕਿਹਾ ਕਿ ਇਸ ’ਤੇ ਚੋਣ ਕਮਿਸ਼ਨ ਫੈਸਲਾ ਕਰੇਗਾ। ਅਸੀਂ ਨਕਾਰਾਤਮਕ ਰਾਜਨੀਤੀ ਨਹੀਂ ਕਰਦੇ।

ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿਚ ਪਿਛਲੇ 4.5 ਸਾਲਾਂ ਵਿਚ ਕੁੱਝ ਨਹੀਂ ਕੀਤਾ ਇਸ ਲਈ ਅਜਿਹੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਆਪ ਦੀ ਪੂਰਬੀ ਦਿੱਲੀ ਤੋਂ ਉਮੀਦਵਾਰ ਆਤਿਸ਼ੀ ਨੇ ਭਾਜਪਾ ਉਮੀਦਵਾਰ ਗੌਤਮ ਗੰਭੀਰ ਦੇ ਵਿਰੁੱਧ ਦਿੱਲੀ ਦੀ ਤੀਹ ਹਜ਼ਾਰੀ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਹੈ। ਆਤਿਸ਼ੀ ਨੇ ਸੈਕਸ਼ਨ 155 ਤਹਿਤ ਕੋਰਟ ਵਿਚ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਪੁਲਿਸ ਨੂੰ ਜਾਂਚ ਕਰਨ ਦੀ ਮੰਗ ਕੀਤੀ ਹੈ।

ਗੰਭੀਰ ’ਤੇ ਦੋਸ਼ ਲਗਾਇਆ ਗਿਆ ਹੈ ਕਿ ਨਾਮਜ਼ਦਗੀ ਪੱਤਰ ਵਿਚ ਚੋਣ ਕਮਿਸ਼ਨ ਤੋਂ ਕੋਈ ਵੀ ਜਾਣਕਾਰੀ ਲੁਕਾਉਣਾ ਵੀ ਗ਼ਲਤ ਹੈ। ਇਸ ਦੋਸ਼ ਲਈ ਇਕ ਸਾਲ ਦੀ ਜ਼ੇਲ੍ਹ ਵੀ ਹੋ ਸਕਦੀ ਹੈ। ਆਤਿਸ਼ੀ ਮੁਤਾਬਕ ਗੌਤਮ ਗੰਭੀਰ ਦੇ ਨਾਮ ’ਤੇ ਇਕ ਰਾਜਿੰਦਰ ਨਗਰ ਤੇ ਦੂਜੇ ਕਰੋਲ ਬਾਗ਼ ਦੀ ਵੋਟਰ ਆਈਡੀ ਹੈ। ਇਸ ਦੀ ਆਤਿਸ਼ੀ ਨੇ ਰਿਟਰਨਿੰਗ ਅਫ਼ਸਰ ਨੂੰ ਸ਼ਿਕਾਇਤ ਕੀਤੀ ਸੀ ਕਿ ਗੌਤਮ ਗੰਭੀਰ ਦੇ ਨਾਮਜ਼ਦਗੀ ਦੇ ਦਾਖਲੇ ਵਾਲੇ ਪੱਤਰ ਵਿਚ ਕੁੱਝ ਗ਼ਲਤੀਆਂ ਹਨ।

ਉਹਨਾਂ ਨੇ ਦੋਸ਼ ਲਗਾਇਆ ਸੀ ਕਿ ਗੰਭੀਰ ਨੇ ਜੋ ਸਹੁੰ ਪੱਤਰ ਦਿੱਤਾ ਹੈ ਉਸ ਵਿਚ 23 ਅਪ੍ਰੈਲ ਦਰਜ ਹੈ ਪਰ ਨੋਟਰੀ ਸਟੈਂਪ ਪੇਪਰ ਵਿਚ 18 ਅਤੇ 19 ਅਪ੍ਰੈਲ ਦੀ ਤਰੀਕ ਦਾ ਜ਼ਿਕਰ ਹੈ। ਰਿਟਰਨਿੰਗ ਅਫ਼ਸਰ ਨੇ ਗੌਤਮ ਗੰਭੀਰ ਦਾ ਪੱਖ ਜਾਣਨ ਤੋਂ ਬਾਅਦ ਆਤਿਸ਼ੀ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਨਾਮਜ਼ਦਗੀ ਸਵੀਕਾਰ ਕਰ ਲਈ ਸੀ।

ਦਸ ਦਈਏ ਕਿ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦਿੱਲੀ ਵਿਚ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਚੋਣਾਂ ਲੜ ਰਹੇ ਹਨ। ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ ਵਿਰੁੱਧ ਆਮ ਆਦਮੀ ਪਾਰਟੀ ਨੇ ਆਤਿਸ਼ੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਤੇ ਕਾਂਗਰਸ ਪਾਰਟੀ ਤੋਂ ਅਰਵਿੰਦਰ ਸਿੰਘ ਲਵਲੀ ਟੱਕਰ ਦੇ ਰਹੇ ਹਨ। ਦਿੱਲੀ ਵਿਚ 12 ਮਈ ਨੂੰ ਵੋਟਾਂ ਪੈਣਗੀਆਂ।