ਔਰਤਾਂ ਦੀ ਸੁਰੱਖਿਆ ਲਈ ਹਰੇਕ ਬੱਸ 'ਚ ਤਾਇਨਾਤ ਹੋਵੇਗਾ ਮਾਰਸ਼ਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁੱਲੜਬਾਜ਼ਾਂ ਦੀ ਹੁਣ ਖੈਰ ਨਹੀਂ

13000 marshals will be appointed for safety of women in buses : Arvind Kejriwal

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 29 ਅਕਤੂਬਰ ਤੋਂ ਦਿੱਲੀ ਦੀਆਂ ਸਾਰੀਆਂ ਬਸਾਂ 'ਚ 13 ਹਜ਼ਾਰ ਮਾਰਸ਼ਲਾਂ ਦੀ ਤਾਇਨਾਤੀ ਸ਼ੁਰੂ ਕੀਤੀ ਜਾਵੇਗੀ। ਔਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ।

ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ 6000 ਮਾਰਸ਼ਲਾਂ ਦੇ ਟ੍ਰੇਨਿੰਗ ਪ੍ਰੋਗਰਾਮ ਨੂੰ ਹਰੀ ਝੰਡੀ ਵਿਖਾਈ। ਮੰਗਲਵਾਰ ਨੂੰ ਮਤਲਬ ਭਾਈ ਦੂਜ ਦੇ ਦਿਨ ਤੋਂ ਦਿੱਲੀ ਦੀਆਂ ਸਾਰੀਆਂ ਬਸਾਂ 'ਚ ਔਰਤਾਂ ਲਈ ਮੁਫ਼ਤ ਯਾਤਰਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਹੁਣ ਔਰਤਾਂ ਡੀ.ਟੀ.ਸੀ. ਅਤੇ ਕਲਸਟਰ ਦੀਆਂ ਬਸਾਂ 'ਚ ਮੁਫ਼ਤ ਯਾਤਰਾ ਕਰ ਸਕਣਗੀਆਂ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਪੂਰੀ ਦੁਨੀਆ ਦਾ ਪਹਿਲਾ ਅਜਿਹਾ ਸ਼ਹਿਰ ਬਣਨ ਜਾ ਰਿਹਾ ਹੈ, ਜਿਥੇ ਦੀਆਂ ਬਸਾਂ 'ਚ ਔਰਤਾਂ ਲਈ ਯਾਤਰਾ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ। ਦਿੱਲੀ 'ਚ ਡੀਟੀਸੀ ਅਤੇ ਕਲਸਟਰ ਦੀਆਂ ਕੁਲ 5500 ਬਸਾਂ ਚਲਦੀਆਂ ਹਨ।

ਕੇਜਰੀਵਾਲ ਨੇ ਕਿਹਾ ਕਿ ਹੁਣ ਤਕ ਦਿੱਲੀ ਦੀਆਂ ਬਸਾਂ 'ਚ 3400 ਮਾਰਸ਼ਲ ਤਾਇਨਾਤ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ 13 ਹਜ਼ਾਰ ਹੋਣ ਜਾ ਰਹੀ ਹੈ। ਪਹਿਲਾਂ ਦਿੱਲੀ ਦੀਆਂ ਡੀਟੀਸੀ ਅਤੇ ਕਲਸਟਰ ਬਸਾਂ 'ਚ ਸ਼ਾਮ ਸਮੇਂ ਮਹਿਲਾ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ ਪਰ ਆਮ ਲੋਕਾਂ ਅਤੇ ਮੀਡੀਆ ਨੇ ਮੰਗ ਕੀਤੀ ਕਿ ਸਿਰਫ਼ ਸ਼ਾਮ ਸਮੇਂ ਹੀ ਕਿਉਂ? ਔਰਤਾਂ ਦੀ ਸੁਰੱਖਿਆ ਲਈ ਦਿਨ 'ਚ ਵੀ ਮਾਰਸ਼ਲ ਤਾਇਨਾਤ ਹੋਣੇ ਚਾਹੀਦੇ ਹਨ। ਇਸ ਲਈ ਹੁਣ ਮਾਰਸ਼ਲਾਂ ਦੀ ਗਿਣਤੀ ਵਧਾ ਕੇ 13 ਹਜ਼ਾਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਕੇਜਰੀਵਾਲ ਨੇ ਨਵਨਿਯੁਕਤ ਮਾਰਸ਼ਲਾਂ ਨੂੰ ਕਿਹਾ, "ਜੇ ਕੋਈ ਵਿਅਕਤੀ ਬੱਸ 'ਚ ਕਿਸੇ ਔਰਤ ਨਾਲ ਕੋਈ ਗ਼ਲਤ ਹਰਕਤ ਕਰੇ ਤਾਂ ਉਸ ਨੂੰ ਰੋਕਣ ਲਈ ਤੁਹਾਡੇ ਤੋਂ ਜੋ ਹੋ ਸਕੇ ਕਰੋ। ਬੱਸ ਅੰਦਰ ਬੈਠੀ ਔਰਤ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਬੱਸ 'ਚ ਬੈਠ ਕੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਦੀ ਰੱਖਿਆ ਕਰਨ ਲਈ ਬੱਸ 'ਚ ਉਸ ਦਾ ਭਰਾ ਜਾਂ ਭੈਣ ਮੌਜੂਦ ਹੈ।"