ਸੂਰਜ ਮੰਦਰਾਂ ਦਾ ਨਿਰਮਾਣ ਕਰੇਗੀ ਤ੍ਰਿਣਮੂਲ ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਤ੍ਰਿਣਮੂਲ ਕਾਂਗਰਸ ਅਪਣਾ 'ਨਰਮ ਹਿੰਦੂਵਾਦੀ' ਅਕਸ ਬਣਾਉਣ ਅਤੇ 2019 ਦੀਆਂ ਲੋਕ ਸਭਾ ਚੋਣਾਂ  ਤੋਂ ਪਹਿਲਾਂ ਸੂਬੇ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ)............

Sun Temples

ਕੋਲਕਾਤਾ : ਤ੍ਰਿਣਮੂਲ ਕਾਂਗਰਸ ਅਪਣਾ 'ਨਰਮ ਹਿੰਦੂਵਾਦੀ' ਅਕਸ ਬਣਾਉਣ ਅਤੇ 2019 ਦੀਆਂ ਲੋਕ ਸਭਾ ਚੋਣਾਂ  ਤੋਂ ਪਹਿਲਾਂ ਸੂਬੇ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਰੋਕਣ ਲਈ ਪਛਮੀ ਬੰਗਾਲ ਦੇ ਆਸਨਸੋਲ ਇਲਾਕੇ ਵਿਚ 10 ਸੂਰਜ ਮੰਦਰਾਂ ਦਾ ਨਿਰਮਾਣ ਕਰਾਉਣ 'ਤੇ ਵਿਚਾਰ ਕਰ ਰਹੀ ਹੈ। ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਆਸਨਸੋਲ ਨਗਰ ਨਿਗਮ ਦੇ ਮੇਅਰ ਜਤਿੰਦਰ ਕੁਮਾਰ ਤਿਵਾੜੀ ਮੰਦਰ ਦੇ ਨਿਰਮਾਣ ਵਿਚ ਮੁੱਖ ਭੂਮਿਕਾ ਨਿਭਾ ਰਹੇ ਹਨ। ਅਗਲੇ ਸਾਲ ਛਠ ਪੂਜਾ ਤੋਂ ਪਹਿਲਾਂ ਇਨਾਂ ਦਾ ਨਿਰਮਾਣ ਪੂਰਾ ਹੋਣ ਦੀ ਉਮੀਦ ਹੈ।

ਵੱਧ ਗਿਣਤੀ ਭਾਈਚਾਰੇ ਵਿਚ ਅਪਣੀ ਪਛਾਣ ਵਧਾਉਣ ਲਈ ਕੋਸ਼ਿਸ਼ ਕਰ ਰਹੀ ਤ੍ਰਿਣਮੂਲ ਕਾਂਗਰਸ ਇਸ ਇਲਾਕੇ ਵਿਚ ਬਿਹਾਰ ਅਤੇ ਝਾਰਖੰਡ ਦੀ ਪ੍ਰਵਾਸੀ ਹਿੰਦੀਭਾਸ਼ੀ ਅਬਾਦੀ ਨਾਲ ਤਾਲਮੇਲ ਵਧਾ ਰਹੀ ਹੈ। ਇਸ ਖੇਤਰ ਵਿਚ ਪੰਜ ਲੋਕ ਸਭਾ ਹਲਕੇ ਹਨ। ਛਠ ਪੂਜਾ ਕਮੇਟੀ ਦੇ ਪ੍ਰਧਾਨ ਤਿਵਾੜੀ ਨੇ ਦਸਿਆ ਕਿ ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਹਿੰਦੀਭਾਸ਼ੀ ਅਬਾਦੀ ਰਹਿੰਦੀ ਹੈ। ਹਰ ਸਾਲ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦਾ ਇਕੱਠ ਹੁੰਦਾ ਹੈ । ਇਸ ਲਈ ਇਲਾਕੇ ਵਿਚ 10 ਸੂਰਜ ਮੰਦਰ ਬਣਾਉਣ ਦਾ ਫ਼ੈਸਲਾ ਕੀਤਾ ਹੈ।  (ਪੀਟੀਆਈ)

ਉਨ੍ਹਾਂ ਦਸਿਆ ਕਿ ਮੰਦਰ ਦਾ ਡਿਜ਼ਾਈਨ ਦਸੰਬਰ ਤਕ ਤਿਆਰ ਹੋ ਜਾਏਗਾ ਅਤੇ ਨਿਰਮਾਣ ਦੀ ਲਾਗਤ ਕਰੀਬ ਦੋ ਕਰੋੜ ਰੁਪਏ ਹੋਏਗੀ। ਉਨ੍ਹਾਂ ਦਸਿਆ ਕਿ ਮੰਦਰ ਨਿਰਮਾਣ ਲਈ ਸਥਾਨਕ ਲੋਕਾਂ ਤੋਂ ਚੰਦਾ ਇਕੱਠਾ ਕਰਨਾ ਸ਼ੁਰੂ ਕਰ ਦਿਤਾ ਹੈ। ਵੱਖ ਵੱਖ ਇਲਾਕਿਆਂ ਵਿਚੋਂ ਚੰਦਾ ਇਕੱਠਾ ਕਰਨ ਲਈ ਕਮੇਟੀਆਂ ਬਣਾਈਆਂ ਹਨ। ਆਸਨਸੋਲ ਨਗਰ ਨਿਗਮ ਸੜਕ ਅਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰੇਗਾ।

ਇਸ ਸਾਲ ਮਾਰਚ-ਅਪ੍ਰੈਲ ਵਿਚ ਰਾਮ ਨੌਮੀ ਪ੍ਰੋਗਰਾਮ ਸਬੰਧੀ ਇਲਾਕੇ ਵਿਚ ਜਾਤੀਗਤ ਦੰਗੇ ਹੋਏ ਸਨ। ਤ੍ਰਿਣਮੂਲ ਦੇ ਮੰਦਰ ਨਿਰਮਾਣ ਮੁਹਿੰਮ ਨੂੰ ਭਾਜਪਾ ਦੇ ਵੱਧ ਰਹੇ ਦਬਦਬੇ ਨੂੰ ਰੋਕਣ ਦੇ ਯਤਨ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ। ਬਾਬੁਲ ਸੁਪ੍ਰਿਅੋ ਦੀ ਜਿੱਤ ਮਗਰੋਂ ਇਲਾਕੇ ਵਿਚ ਭਗਵਾ ਪਾਰਟੀ ਦਾ ਦਬਦਬਾ ਵੱਧ ਹੈ।  (ਪੀਟੀਆਈ)