ਪ੍ਰਦੂਸ਼ਨ ਘਟਾਉਣ ਅਤੇ ਖੇਤੀ ਦੀ ਮਹਤੱਤਾ ਦਰਸਾਉਣ ਲਈ ਯੂਨੀਵਰਸਿਟੀ 'ਚ ਚਲੇਗੀ ਬੈਲਗੱਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰਿਆਂ ਨੂੰ ਅਪਣੀਆਂ ਗੱਡੀਆਂ ਯੂਨੀਵਰਸਿਟੀ ਦੇ ਬਾਹਰ ਹੀ ਪਾਰਕ ਕਰਨੀਆਂ ਪੈਣਗੀਆਂ। ਕੈਂਪਸ ਵਿਖੇ ਕਿਰਾਏ 'ਤੇ ਬੈਲਗੱਡੀਆਂ ਉਪਲਬਧ ਹੋਣਗੀਆਂ ।

Bullock cart

ਸੂਰਤ , ( ਪੀਟੀਆਈ ) : ਵੀਰ ਨਰਮਦ ਦੱਖਣੀ ਗੁਜਰਾਤ ਯੂਨੀਵਰਸਿਟੀ ਦੇ ਕੈਂਪਸ ਵਿਖੇ ਹੁਣ ਬੈਲਗੱਡੀ ਚਲੇਗੀ। ਇਸ ਸਬੰਧੀ ਕੁਲਪਤੀ ਸ਼ਿਵੇਂਦਰ ਗੁਪਤਾ ਨੇ ਦੱਸਿਆ ਕਿ ਖੇਤੀ ਦੀ ਮਹੱਤਤਾ ਨੂੰ ਸਮਝਾਉਣ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਕੋਸ਼ਿਸ਼ ਦੇ ਤੌਰ 'ਤੇ ਸਾਡੇ ਵੱਲੋਂ ਇਹ ਪਹਿਲ ਕੀਤੀ ਜਾ ਰਹੀ ਹੈ। ਹੁਣ ਕੈਂਪਸ ਵਿਚ ਹਰ ਤਰ੍ਹਾਂ ਦੇ ਵਾਹਨ ਤੇ ਪਾਬੰਦੀ ਲਗਾਈ ਜਾਵੇਗੀ। ਕਿਸੇ ਵੀ ਦਫਤਰ ਜਾਂ ਵਿਭਾਗ ਵਿਚ ਜਾਣ ਲਈ ਬੈਲਗੱਡੀਆਂ ਹੋਣਗੀਆਂ, ਜਿਸ ਲਈ ਕਿਰਾਇਆ ਵੀ ਲਿਆ ਜਾਵੇਗਾ। ਹਾਲਾਂਕਿ ਇਸ ਬਾਰੇ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਸ ਨੂੰ ਕਦੋਂ ਲਾਗੂ ਕੀਤਾ ਜਾਵੇਗਾ।

Veer Narmad South Gujarat University

ਕੁਲਪਤੀ ਗੁਪਤਾ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਹੋਏ ਦੋ ਰੋਜ਼ਾ ਪ੍ਰੋਗਰਾਮ ਵਿਚ ਇਸ ਮਤੇ ਨੂੰ ਰਾਜ ਦੇ ਖੇਤੀ ਮੰਤਰੀ ਦੇ ਸਾਹਮਣੇ ਰੱਖਿਆ ਗਿਆ ਸੀ। ਇਸ 'ਤੇ ਉਨਾਂ ਨੇ ਅਪਣੀ ਪ੍ਰਵਾਨਗੀ ਦੇ ਦਿਤੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵਿਚ ਗਊਸ਼ਾਲਾ ਵੀ ਬਣਾਈ ਜਾਵੇਗੀ। ਇਹ ਸਾਰੇ ਕੰਮ ਖੇਤੀਬਾੜੀ ਵਿਭਾਗ ਦੇ ਅਧੀਨ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਪ੍ਰੋਯੋਗੀ ਤੌਰ 'ਤੇ ਲਾਗੂ ਕੀਤੀ ਜਾਵੇਗੀ। ਜਿਸ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪ੍ਰਫੈਸਰਾਂ ਨੂੰ ਛੋਟ ਮਿਲੇਗੀ। ਬਾਅਦ ਵਿਚ  ਸਾਰਿਆਂ ਦੇ ਲਈ ਵਾਹਨਾਂ 'ਤੇ ਪਾਬੰਦੀ ਲਗਾਈ ਜਾਵੇਗੀ।

Dr. Shivendra Gupta, Vice Chancellor

ਗੁਪਤਾ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਅਪਣੀਆਂ ਗੱਡੀਆਂ ਯੂਨੀਵਰਸਿਟੀ ਦੇ ਬਾਹਰ ਹੀ ਪਾਰਕ ਕਰਨੀਆਂ ਪੈਣਗੀਆਂ। ਕੈਂਪਸ ਵਿਖੇ ਕਿਰਾਏ 'ਤੇ ਬੈਲਗੱਡੀਆਂ ਉਪਲਬਧ ਹੋਣਗੀਆਂ, ਜਿਨ੍ਹਾਂ ਦਾ ਕਿਰਾਇਆ ਬਾਅਦ ਵਿਚ ਨਿਰਧਾਰਤ ਕੀਤਾ ਜਾਵੇਗਾ। ਕਿਸਾਨ ਅਤੇ ਖੇਤੀ ਦੋਵੇਂ ਦੇਸ਼ ਲਈ ਬਹੁਤ ਜ਼ਰੂਰੀ ਹਨ। ਇਸ ਲਈ ਖੇਤੀ ਵਿਭਾਗ ਨੇੜੇ ਇਕ ਗਊਸ਼ਾਲਾ ਬਣਾਈ ਜਾਵੇਗੀ। ਕਿਸਾਨਾਂ ਤੋਂ ਗਊਆਂ ਖਰੀਦ ਕੇ ਇਥੇ ਉਨ੍ਹਾਂ ਨੂੰ ਪਾਲਿਆ ਜਾਵੇਗਾ। ਇਸ ਦੇ ਲਈ ਬਾਹਰ ਤੋਂ ਫੰਡ ਇਕੱਠਾ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਖੇਤਾਂ ਵਿਚ ਜੋ ਘਾਹ ਪੈਦਾ ਹੁੰਦਾ ਹੈ ਉਸ ਨੂੰ ਵੇਚਣ ਦੀ ਬਜਾਇ ਗਊਸ਼ਾਲਾ ਵਿਚ ਦਿਤਾ ਜਾਵੇਗਾ।