IAS ਅਸ਼ੋਕ ਖੇਮਕਾ ਦਾ 53ਵਾਂ ਤਬਾਦਲਾ, ਟਵੀਟ ਕਰ ਕੇ ਕਿਹਾ - 'ਈਮਾਨਦਾਰੀ ਦਾ ਇਨਾਮ ਜਲਾਲਤ'

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਕੈਡਰ ਦੇ ਸੀਨੀਅਰ ਆਈਏਐਸ ਅਧਿਕਾਰੀ ਅਸ਼ੋਕ ਖੇਮਕਾ ਦਾ 53ਵੀਂ ਵਾਰ ਤਬਾਦਲਾ ਕਰ ਦਿੱਤਾ ਗਿਆ ਹੈ।

Ashok Khemka

ਨਵੀਂ ਦਿੱਲੀ: ਹਰਿਆਣਾ ਕੈਡਰ ਦੇ ਸੀਨੀਅਰ ਆਈਏਐਸ ਅਧਿਕਾਰੀ ਅਸ਼ੋਕ ਖੇਮਕਾ ਦਾ 53ਵੀਂ ਵਾਰ ਤਬਾਦਲਾ ਕਰ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਨੇ 1991 ਬੈਚ ਦੇ ਸੀਨੀਅਰ ਅਧਿਕਾਰੀ ਅਸ਼ੋਕ ਖੇਮਕਾ ਨੂੰ ਇਸ ਵਾਰ ਪੁਰਾਲੇਖ, ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਵਿਚ ਖੇਮਕਾ ਦਾ ਤਬਾਦਲਾ ਕਰਦੇ ਹੋਏ ਉਹਨਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ।


ਦੱਸ ਦਈਏ ਕਿ ਤਬਾਦਲੇ ਤੋਂ ਪਹਿਲਾਂ ਖੇਮਕਾ ਨੇ ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ 'ਤੇ ਟਵੀਟ ਕੀਤਾ ਸੀ। ਖੇਮਕਾ ਨੇ ਕਿਹਾ ਸੀ ਕਿ ਵਿਧਾਇਕਾਂ ਦੀ ਖਰੀਦ-ਫਰੋਖ਼ਤ, ਉਨ੍ਹਾਂ ਨੂੰ ਬੰਦੀ ਬਣਾਉਣਾ ਸਭ ਕੁਝ ਲੋਕ ਸੇਵਾ ਲਈ ਕੀਤਾ ਜਾਂਦਾ ਹੈ। ਲੋਕ ਸੇਵਾ ਜਿਹਾ ਮੌਕਾ ਛੱਡਿਆ ਨਹੀਂ ਜਾਂਦਾ। ਅਜਿਹਾ ਮੌਕਾ ਗੁਆਉਣ 'ਤੇ ਦਿਲ 'ਚ ਜਿਹੜਾ ਦਰਦ ਹੁੰਦਾ ਹੈ, ਹੋਣ ਦਿਓ, ਨਾਰਾਜ਼ ਹੋਣ ਦਿਓ, ਭਾਈਵਾਲੀ 'ਚ ਤਾਂ ਮਿਲ-ਵੰਡ ਕੇ ਜਨ ਸੇਵਾ ਕੀਤੀ ਜਾਵੇਗੀ।

ਕਰੀਬ 27 ਸਾਲ ਦੇ ਕੈਰੀਅਰ ਵਿਚ 53ਵੀਂ ਵਾਰ ਤਬਾਦਲੇ ‘ਤੇ ਅਸ਼ੋਕ ਖੇਮਕਾ ਨੇ ਦਰਦ ਜ਼ਾਹਿਰ ਕਰਦਿਆਂ ਟਵੀਟ ਕੀਤਾ। ਉਹਨਾਂ ਨੇ ਟਵੀਟ ਕਰਦਿਆਂ ਕਿਹਾ, ”ਫਿਰ ਤਬਾਦਲਾ, ਵਾਪਿਸ ਫਿਰ ਉੱਥੇ, ਕੱਲ ਸੰਵਿਧਾਨ ਦਿਵਸ ਮਨਾਇਆ ਗਿਆ। ਅੱਜ ਸੁਪਰੀਮ ਕੋਰਟ ਦੇ ਅਦੇਸ਼ ਅਤੇ ਨਿਯਮਾਂ ਨੂੰ ਇਕ ਵਾਰ ਫਿਰ ਤੋੜਿਆ ਗਿਆ। ਕੁਝ ਖੁਸ਼ ਹੋਣਗੇ। ਆਖਰੀ ਟਿਕਾਣੇ ਜੋ ਲੱਗਿਆ। ਈਮਾਨਦਾਰੀ ਦਾ ਈਨਾਮ ਜਲਾਲਤ"। ਜ਼ਿਕਰਯੋਗ ਹੈ ਕਿ ਅਸ਼ੋਕ ਖੇਮਕਾ 1991 ਬੈਚ ਦੇ ਹਰਿਆਣਾ ਕੈਡਰ ਦੇ ਆਈਏਐਸ ਅਧਿਕਾਰੀ ਹਨ। ਉਹ ਗੁਰੂਗ੍ਰਾਮ ਵਿਚ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਜ਼ਮੀਨ ਸੌਦੇ ਨਾਲ ਜੁੜੀ ਜਾਂਚ ਕਾਰਨ ਸੁਰਖੀਆਂ ਵਿਚ ਰਹੇ ਹਨ।

 


ਕਿਹਾ ਜਾਂਦਾ ਹੈ ਕਿ ਅਸ਼ੋਕ ਖੇਮਕਾ ਜਿਸ ਵੀ ਵਿਭਾਗ ਵਿਚ ਜਾਂਦੇ ਹਨ, ਉੱਥੋਂ ਦੇ ਘਪਲਿਆਂ ਨੂੰ ਸਾਹਮਣੇ ਲਿਆਉਂਦੇ ਹਨ, ਜਿਸ ਦੇ ਚਲਦਿਆਂ ਉਹਨਾਂ ਨੂੰ ਅਕਸਰ ਤਬਾਦਲੇ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੇ ਨਾਲ ਹੀ ਉਹ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਮੌਕੇ ਵੀ ਕਈ ਘੁਟਾਲੇ ਸਾਹਮਣੇ ਲਿਆ ਚੁੱਕੇ ਹਨ। ਅਸ਼ੋਕ ਖੇਮਕਾ ਪੱਛਮੀ ਬੰਗਾਲ ਦੇ ਕੋਲਕਾਤਾ ਵਿਚ ਪੈਦਾ ਹੋਏ ਹਨ। ਉਹਨਾਂ ਨੇ ਆਈਆਈਟੀ ਖੜਗਪੁਰ ਤੋਂ 1988 ਵਿਚ ਬੀਟੈਕ ਕੀਤੀ ਅਤੇ ਬਾਅਦ ਵਿਚ ਕੰਪਿਊਟਰ ਸਾਇੰਸ ਵਿਚ ਪੀਐਚਡੀ ਕੀਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।