ਪੰਜਾਬ ਦੀ ਨਵੀਂ ਤਬਾਦਲਾ ਨੀਤੀ ਨਾਲ ਅਧਿਆਪਕਾਂ ਨੂੰ ਵੱਡੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀ ਦਾ ਦਾਅਵਾ : ਅਧਿਆਪਕਾਂ ਦੀਆਂ ਬਦਲੀਆਂ ਖ਼ਾਲੀ ਥਾਵਾਂ 'ਤੇ ਹੀ ਬਿਨਾਂ ਸਿਫ਼ਾਰਸ਼ 'ਤੇ ਹੀ ਹੋਣਗੀਆਂ 

Vijay Inder Singla announces transfer policy for Punjab teachers

ਚੰਡੀਗੜ੍ਹ : ਲੰਮੇ ਇੰਤਜ਼ਾਰ ਬਾਅਦ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਬਦਲੀਆਂ ਦੀ ਨੀਤੀ ਦਾ ਨੋਟੀਫ਼ੀਕੇਸ਼ਨ ਜਾਰੀ ਕਰ ਦਿਤਾ ਹੈ। ਇਸ ਨੀਤੀ ਦੇ ਆਉਣ ਨਾਲ ਜਿਥੇ ਆਮ ਅਧਿਆਪਕ, ਜਿਸ ਦੀ ਕਿਧਰੇ ਸਿਫ਼ਾਰਸ਼ ਨਹੀਂ, ਉਸ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਨਵੀਂ ਨੀਤੀ ਵਿਚ ਸਿਫ਼ਾਰਸ਼ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਮੁੱਖ ਮੰਤਰੀ ਦੀ ਨਿਜੀ ਦਿਲਚਸਪੀ ਕਾਰਨ ਹੀ ਇਹ ਨੀਤੀ ਲਿਆਂਦੀ ਗਈ ਅਤੇ ਉਨ੍ਹਾਂ ਨੇ ਨਵੇਂ ਮੰਤਰੀ ਨੂੰ ਇਹ ਨੀਤੀ ਪਾਰਦਰਸ਼ਤਾ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿਤੀਆਂ ਹਨ।

ਨਵੀਂ ਤਬਾਦਲਾ ਨੀਤੀ ਦਾ ਐਲਾਨ ਕਰਦਿਆਂ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਨਵੀਂ ਨੀਤੀ ਦਾ ਮੁੱਖ ਮਕਸਦ, ਬਦਲੀਆਂ ਬਿਨਾਂ ਸਿਫ਼ਾਰਸ਼ ਮੈਰਿਟ ਦੇ ਆਧਾਰ 'ਤੇ ਤਹਿ ਨਿਯਮਾਂ ਅਨੁਸਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਬਦਲੀਆਂ ਦੀਆਂ ਦਰਖ਼ਾਸਤਾਂ ਆਨਲਾਈਨ 27 ਜੁਲਾਈ ਤੋਂ ਇਕ ਜੁਲਾਈ ਤਕ ਲਈਆਂ ਜਾਣਗੀਆਂ। ਫਿਰ ਦੂਜੇ ਅਤੇ ਦੀਜੇ ਗੇੜ ਵਿਚ ਦਰਖ਼ਾਸਤਾਂ ਮੰਗੀਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਬਦਲੀਆਂ ਦੀ ਨੀਤੀ ਦੀ ਪ੍ਰਵਾਨਗੀ ਤਾਂ ਮੰਤਰੀ ਮੰਡਲ ਨੇ ਜਨਵਰੀ ਵਿਚ ਹੀ ਦੇ ਦਿਤੀ ਸੀ ਪ੍ਰੰਤੂ ਚੋਣ ਜ਼ਾਬਤਾ ਲੱਗਣ ਕਾਰਨ ਇਸ ਨੂੰ ਅਮਲ ਵਿਚ ਨਾ ਲਿਆਂਦਾ ਜਾ ਸਕਿਆ।

ਉਨ੍ਹਾਂ ਸਪਸ਼ਟ ਕੀਤਾ ਕੋਈ ਵੀ ਬਦਲੀ ਸਿਫ਼ਾਰਸ਼ ਨਾਲ ਨਹੀਂ ਹੋਵੇਗੀ, ਬਲਕਿ ਤਹਿ ਨੀਤੀ ਅਨੁਸਾਰ ਹੀ ਹੋਵੇਗੀ। ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਸਿਫ਼ਾਰਸ਼ਾਂ ਅਤੇ ਦਬਾਅ ਨਾਲ ਕਿਵੇਂ ਨਜਿਠੋਗੇ। ਉਨ੍ਹਾਂ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਦੀ ਇੱਛਾ ਅਨੁਸਾਰ ਹੀ ਫ਼ੈਸਲਾ ਹੋਇਆ ਕਿ ਹਰ ਬਦਲੀ ਮੈਰਿਟ ਉਪਰ ਤਹਿ ਨਿਯਮਾਂ ਅਨੁਸਾਰ ਹੀ ਹੋਵੇਗੀ ਅਤੇ ਸਿਫ਼ਾਰਸ਼ ਆਦਿ ਨਹੀਂ ਮੰਨੀ ਜਾਵੇਗੀ। ਉਨ੍ਹਾਂ ਦਸਿਆ ਕਿ ਨਵੀਂ ਤਬਾਦਲਾ ਨੀਤੀ ਸਿਖਿਆ ਮਹਿਕਮੇ ਦੇ ਪ੍ਰਬੰਧਕੀ ਅਮਲੇ ਉਪਰ ਲਾਗੂ ਨਹੀਂ ਹੋਵੇਗੀ। ਠੇਕੇ ਉਪਰ ਭਰਤੀ ਅਧਿਆਪਕਾਂ ਅਤੇ ਕੰਪਿਊਟਰ ਅਧਿਆਪਕ ਵੀ ਇਸ ਨੀਤੀ ਤੋਂ ਬਾਹਰ ਰੱਖੇ ਗਏ ਹਨ। ਇਸਤਰੀ ਅਧਿਆਪਕਾਂ, ਵਿਧਵਾ, ਅਪਾਹਜ ਅਤੇ ਕਿਸੀ ਗੰਭੀਰ ਬੀਮਾਰੀ ਤੋਂ ਪੀੜਤ ਅਧਿਆਪਕਾਂ ਨੂੰ ਬਦਲੀਆਂ ਵਿਚ ਪਹਿਲ ਮਿਲੇਗੀ।

ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਵੀ ਬਦਲੀਆਂ ਵਿਚ ਵਿਸ਼ੇਸ਼ ਅਹਿਮੀਅਤ ਮਿਲੇਗੀ। ਇਸ ਕੈਟਾਗਰੀ ਦੇ ਅਧਿਆਪਕਾਂ ਨੂੰ 50 ਅੰਕ ਵਾਧੂ ਮਿਲਣਗੇ। ਇਕ ਹੋਰ ਅਹਿਮ ਛੋਟ ਦਿਤੀ ਗਈ ਹੈ ਕਿ ਜਿਸ ਅਧਿਆਪਕ ਦੇ ਅਪਣੇ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ, ਉਸ ਨੂੰ ਵੀ ਬਦਲੀ ਵਿਚ 15 ਅੰਕ ਦਿਤੇ ਜਾਣਗੇ। ਅਧਿਆਪਕ ਜੋੜਿਆਂ, ਅਪਾਹਜ ਜਾਂ ਗੰਭੀਰ ਬੀਮਾਰੀਆਂ ਤੋਂ ਪੀੜਤ ਬੱਚਿਆਂ ਦੇ ਮਾਪੇ ਅਧਿਆਪਕਾਂ ਨੂੰ ਵੀ ਬਦਲੀਆਂ ਵਿਚ ਪਹਿਲ ਮਿਲੇਗੀ। ਅਸਲ ਵਿਚ ਬਦਲੀਆਂ ਵਿਚ ਪਹਿਲ ਅੰਕਾਂ 'ਤੇ ਆਧਾਰਤ ਹੈ। ਵੱਧ ਤੋਂ ਵੱਧ 250 ਅੰਕ ਰੱਖੇ ਗਏ ਹਨ।

ਇਸ ਸਾਲ ਬਦਲੀਆਂ ਦਾ ਸਮਾਂ 27 ਜੂਨ ਤੋਂ 31 ਜੁਲਾਈ ਤਕ ਰਖਿਆ ਗਿਆ ਹੈ। ਪ੍ਰੰਤੂ ਹਰ ਸਾਲ ਬਦਲੀਆਂ ਪਹਿਲੀ ਮਾਰਚ ਤੋਂ 31 ਮਾਰਚ ਦੇ ਦਰਮਿਆਨ ਹੀ ਹੋਇਆ ਕਰਨਗੀਆਂ। ਮੰਤਰੀ ਨੇ ਦਸਿਆ ਕਿ ਨਵੀਂ ਨੀਤੀ ਅੱਜ ਹੀ ਵੈੱਬਸਾਈਟ 'ਤੇ ਪਾ ਦਿਤੀ ਜਾਵੇਗੀ ਅਤੇ ਅਧਿਆਪਕਾਂ ਤੋਂ ਇਤਰਾਜ਼ ਮੰਗੇ ਜਾਣਗੇ। ਉਸ ਤੋਂ ਬਾਅਦ ਆਨਲਾਈਨ ਬਦਲੀਆਂ ਦੀਆਂ ਦਰਖ਼ਾਸਤਾਂ ਲਈਆਂ ਜਾਣਗੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਜੋ ਦਰਖ਼ਾਸਤਾਂ ਪਹਿਲਾਂ ਉਪਲਬੱਧ ਹੋਣਗੀਆਂ ਉਨ੍ਹਾਂ ਦਾ ਨਿਪਟਾਰਾ ਇਕ ਹਫ਼ਤੇ ਵਿਚ ਹੋ ਜਾਵੇਗਾ। ਉਸ ਤੋਂ ਬਾਅਦ ਬਦਲੀਆਂ ਹੋਣ ਨਾਲ ਜੋ ਸਟੇਸ਼ਨ ਖ਼ਾਲੀ ਹੁੰਦੇ ਹਨ, ਉਨ੍ਹਾਂ ਉਪਰ ਅਧਿਆਪਕ ਬਦਲੇ ਜਾਣਗੇ। ਇਸ ਤਰ੍ਹਾਂ ਇਕ ਮਹੀਨੇ ਵਿਚ ਕਈ ਵਾਰ ਬਦਲੀਆਂ ਦੇ ਹੁਕਮ ਜਾਰੀ ਹੋਣਗੇ।

ਮੰਤਰੀ ਨੇ ਸਪਸ਼ਟ ਕੀਤਾ ਕਿ ਕਿਸੀ ਵੀ ਅਧਿਆਪਕ ਨੂੰ ਪੁਛਿਆ ਨਹੀਂ ਜਾਵੇਗਾ ਬਲਕਿ ਖ਼ਾਲੀ ਥਾਂ ਉਪਰ ਹੀ ਬਦਲੀਆਂ ਹੋਣਗੀਆਂ। ਪ੍ਰਸ਼ਾਸਕੀ ਆਧਾਰ ਅਤੇ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਕਿਸੀ ਵੀ ਸਮੇਂ ਬਦਲੀ ਹੋ ਸਕੇਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਚਾਹੇ ਕੋਈ ਅਧਿਆਪਕ ਇਕੋ ਸਟੇਸ਼ਨ ਉਪਰ ਕਈ ਸਾਲਾਂ ਤੋਂ ਬੈਠਾ ਹੈ ਅਤੇ ਉਸ ਦੀ ਕਾਰਗੁਜ਼ਾਰੀ ਚੰਗੀ ਹੈ ਅਤੇ ਕੋਈ ਸ਼ਿਕਾਇਤ ਆਦਿ ਵੀ ਨਹੀਂ ਤਾਂ ਉਸ ਨੂੰ ਬਦਲਿਆ ਨਹੀਂ ਜਾਵੇਗਾ।

ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ

  1. 26 ਜੂਨ ਕੰਪਿਊਟਰ ਉਪਰ ਖ਼ਾਲੀ ਅਸਾਮੀਆਂ ਪੈਣਗੀਆਂ
  2. 4 ਜੁਲਾਈ ਤੋਂ 11 ਜੁਲਾਈ ਤਕ ਦਰਖ਼ਾਸਤਾਂ ਆਨਲਾਈਨ ਦੇਣ ਦਾ ਸਮਾਂ
  3. ਸਕੂਲਾਂ ਲਈ ਤਿੰਨ ਜ਼ੋਨ 3 ਜੁਲਾਈ ਨੂੰ ਘੋਸ਼ਿਤ ਹੋਣਗੇ
  4. ਬਦਲੀਆਂ ਦੀ ਪਹਿਲੀ ਸੂਚੀ 12 ਜੁਲਾਈ ਨੂੰ ਆਨਲਾਈਨ ਜਾਰੀ ਹੋਵੇਗੀ
  5. ਦੂਜੇ ਗੇੜ ਵਿਚ ਬਦਲੀਆਂ ਦੀਆਂ ਦਰਖ਼ਾਸਤਾਂ 15 ਜੁਲਾਈ ਤੋਂ 22 ਤਕ ਲਈਆਂ ਜਾਣਗੀਆਂ
  6. ਖ਼ਾਲੀ ਅਸਾਮੀਆਂ ਦੀ ਦੂਜੀ ਸੂਚੀ 13 ਨੂੰ ਕੰਪਿਊਟਰ 'ਤੇ ਉਪਲਬੱਧ ਹੋਵੇਗੀ
  7. ਬਦਲੀਆਂ ਦੀ ਦੂਜੀ ਸੂਚੀ 23 ਜੁਲਾਈ ਨੂੰ ਜਾਰੀ ਹੋਵੇਗੀ
  8. ਬਦਲੀਆਂ ਦੀ ਅੰਤਮ ਸੂਚੀ 31 ਜੁਲਾਈ ਨੂੰ ਜਾਰੀ ਹੋਵੇਗੀ