ਕਿਸਾਨਾਂ ਖਿਲਾਫ਼ ਪਰਚਿਆਂ ਦਾ ਦੌਰ ਜਾਰੀ! ਰੋਹਤਕ 'ਚ 900 ਕਿਸਾਨਾਂ ਖਿਲਾਫ਼ ਕੇਸ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰੀ ਕੰਮਾਂ ਵਿਚ ਰੁਕਾਵਟ ਪੈਦਾ ਕਰਨ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ

Case against 900 farmers in Rohtak

ਕਰਨਾਲ: ਕਿਸਾਨਾਂ ਦੇ 'ਦਿੱਲੀ ਚਲੋ' ਅੰਦੋਲਨ ਦੇ ਚਲਦਿਆਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਸ ਦੇ ਬਾਵਜੂਦ ਵੀ ਕਿਸਾਨ ਦਿੱਲੀ ਪਹੁੰਚਣ ਵਿਚ ਸਫਲ ਰਹੇ। ਇਸ ਤੋਂ ਬਾਅਦ ਹੁਣ ਹਰਿਆਣਾ ਪੁਲਿਸ ਨੇ ਕਿਸਾਨਾਂ ਖਿਲਾਫ਼ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ। 

ਸੋਨੀਪਤ ਵਿਚ ਪੁਲਿਸ ਨੇ ਕਿਸਾਨਾਂ ਖਿਲਾਫ਼ ਸਰਕਾਰੀ ਕੰਮਾਂ ਵਿਚ ਰੁਕਾਵਟ ਪੈਦਾ ਕਰਨ ਸਮੇਤ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ। ਉੱਥੇ ਹੀ ਰੋਹਤਕ ਵਿਚ ਪੁਲਿਸ ਵੱਲੋਂ 900 ਕਿਸਾਨਾਂ ਖਿਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਕਿਸਾਨ ਦਿੱਲੀ ਕੂਚ 'ਤੇ ਨਿਕਲੇ ਹਨ।

ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਵੱਖ-ਵੱਖ ਮਾਮਲਿਆਂ ਵਿਚ 900 ਕਿਸਾਨਾਂ ਤੇ ਧਾਰਾ 147, 148, 186, 353 ਅਤੇ ਕੋਰੋਨਾ ਐਪੀਡੈਮਿਕ ਐਕਟ 2019 ਦੇ ਤਹਿਤ ਕੇਸ ਦਰਜ ਕੀਤੇ ਹਨ। ਇਹ ਸ਼ਿਕਾਇਤ ਡਿਊਟੀ ਮੈਜੀਸਟ੍ਰੇਟ ਅਤੇ ਪੁਲਿਸ ਐਸਏ ਨੇ ਦਰਜ ਕਰਵਾਈ ਹੈ। 

ਭਾਕਿਯੂ ਚੜੂਨੀ ਦੇ ਮੁਖੀ ਖਿਲਾਫ਼ ਪਰਚਾ ਦਰਜ

ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਮੁਖੀ ਗੁਰਨਾਮ ਸਿੰਘ ਚੜੂਨੀ ਅਤੇ 17 ਹੋਰ ਭਾਕਿਯੂ ਨੇਤਾਵਾਂ 'ਤੇ 25 ਅਕਤੂਬਰ ਨੂੰ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਹੋਇਆ ਸੀ।

ਗੁਰਨਾਮ ਸਿੰਘ 'ਤੇ ਉਸ ਘਟਨਾ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿਚ ਕਿਸਾਨਾਂ ਨੇ ਅਪਣੇ ਵਾਹਨਾਂ ਨਾਲ ਪੁਲਿਸ ਨੂੰ ਪਾਸੇ ਕਰਕੇ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਐਫਆਈਆਰ ਵਿਚ ਜਥੇਬੰਦੀ 'ਤੇ ਦੰਗੇ ਭੜਕਾਉਣ ਤੇ ਵਾਹਨ ਚੜ੍ਹਾ ਕੇ ਪੁਲਿਸ ਕਰਮੀਆਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਅਤੇ ਕੋਰੋਨਾ ਵਾਇਰਸ ਦਾ ਖਤਰਾ ਫੈਲਾਉਣ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।