ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ ਤੋਂ ਬਚਾਉਣ ਵਾਲੇ ਨੌਜਵਾਨ 'ਤੇ ਹਰਿਆਣਾ ਪੁਲਿਸ ਵੱਲੋਂ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨੀ ਅੰਦੋਲਨ ਦਾ ਹੀਰੋ ਬਣਿਆ 26 ਸਾਲਾ ਨਵਦੀਪ ਸਿੰਘ

Navdeep Singh

ਨਵੀਂ ਦਿੱਲੀ: ਕਿਸਾਨੀ ਅੰਦੋਲਨ ਦੌਰਾਨ ਪੁਲਿਸ ਵਾਟਰ ਕੈਨਨ ਨੂੰ ਬੰਦ ਕਰਨ ਵਾਲੇ ਨੌਜਵਾਨ ਖਿਲਾਫ਼ ਹਰਿਆਣਾ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ, ਦੰਗਿਆਂ ਅਤੇ ਕੋਵਿਡ -19 ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਤਹਿਤ ਜੁਰਮਾਨਾ ਲਗਾਇਆ ਜਾ ਸਕਦਾ ਹੈ।

ਦੱਸ ਦਈਏ ਕਿ ਨੌਜਵਾਨ ਨੇ ਠੰਢ ਵਿਚ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਵਾਲੀ ਗੱਡੀ 'ਤੇ ਚੜ੍ਹ ਕੇ ਉਸ ਨੂੰ ਪਾਣੀ ਨੂੰ ਬੰਦ ਕਰ ਦਿੱਤਾ ਸੀ। ਪਾਣੀ ਬੰਦ ਕਰਕੇ ਉਸ ਨੇ ਵਾਪਸ ਨੇੜੇ ਖੜੇ ਇਕ ਟਰੈਕਟਰ ਟਰਾਲੀ 'ਤੇ ਛਾਲ ਮਾਰ ਦਿੱਤੀ।  ਇਸ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਈ।

ਲੋਕਾਂ ਨੇ ਇਸ ਨੌਜਵਾਨ ਨੂੰ ਕਿਸਾਨੀ ਅੰਦੋਲਨ ਦਾ 'ਹੀਰੋ' ਐਲ਼ਾਨਿਆ ਸੀ। 26 ਸਾਲਾ ਨਵਦੀਪ ਸਿੰਘ ਨੇ ਬੁੱਧਵਾਰ ਨੂੰ ਕਿਸਾਨਾਂ ਨੂੰ ਪਾਣੀ ਦੀਆਂ ਬੁਛਾੜਾਂ ਤੋਂ ਬਚਾਇਆ ਸੀ। ਨਵਦੀਪ ਸਿੰਘ ਇਕ ਕਿਸਾਨ ਆਗੂ ਦਾ ਪੁੱਤਰ ਹੈ।

ਇਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਨਵਦੀਪ ਨੇ ਦੱਸਿਆ ਕਿ ਉਹ ਕਦੀ ਵੀ ਕਿਸੇ ਗੈਰ ਕਾਨੂੰਨੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਇਆ। ਉਸ ਨੇ ਕਿਹਾ ਕਿ ਸ਼ਾਂਤਮਈ ਧਰਨੇ ਲਈ ਕਿਸਾਨ ਦਿੱਲੀ ਜਾ ਰਹੇ ਸੀ ਪਰ ਪੁਲਿਸ ਉਹਨਾਂ ਦੀ ਰਾਹ ਵਿਚ ਰੁਕਾਵਟ ਪੈਦਾ ਕਰ ਰਹੀ ਸੀ।