ਕੋਰੋਨਾ ਵੈਕਸੀਨ ਸਬੰਧੀ ਜਾਣਕਾਰੀ ਲੈਣ ਲਈ ਪੀਐਮ ਮੋਦੀ ਨੇ ਭਾਰਤ ਬਾਇਓਟੈਕ ਪਲਾਂਟ ਦਾ ਦੌਰਾ ਕੀਤਾ
ਵੈਕਸੀਨ ਬਣਾਉਣ ਵਿਚ ਜੁਟੀ ਟੀਮ ਦੀਆਂ ਕੋਸ਼ਿਸ਼ਾਂ ਦੀ ਕੀਤੀ ਸ਼ਲਾਘਾ
ਹੈਦਰਾਬਾਦ: ਕੋਰੋਨਾ ਵਾਇਰਸ ਵੈਕਸੀਨ ਨਾਲ ਜੁੜੇ ਕਾਰਜਾਂ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਤਿੰਨ ਸ਼ਹਿਰਾਂ ਦੇ ਦੌਰੇ ਤਹਿਤ ਹੈਦਰਾਬਾਦ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਸਥਿਤ ਬਾਇਓਟੈਕਨਾਲੋਜੀ ਕੰਪਨੀ ਬਾਇਓਟੈਕ ਦੇ ਪਲਾਂਟ ਪਹੁੰਚ ਕੇ ਕੋਰੋਨਾ ਵੈਕਸੀਨ ਵਿਕਾਸ ਦੇ ਸਬੰਧ ਵਿਚ ਜਾਣਕਾਰੀ ਲਈ।
ਹੈਦਰਾਬਾਦ ਦੇ ਹਕੀਮਪੇਟ ਹਵਾਈ ਫੌਜ ਕੇਂਦਰ 'ਤੇ ਪਹੁੰਚਣ ਮੌਕੇ ਤੇਲੰਗਾਨਾ ਦੇ ਮੁੱਖ ਸਕੱਤਰ ਸੋਮੇਸ਼ ਕੁਮਾਰ, ਪੁਲਿਸ ਡਾਇਰੈਕਟਰ ਜਨਰਲ ਤੇ ਫੌਜ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਪੀਐਮ ਮੋਦੀ ਨੇ ਵੈਕਸੀਨ ਬਣਾਉਣ ਦੇ ਕੰਮ ਵਿਚ ਜੁਟੀ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਾਰਤ ਸਰਕਾਰ ਸਰਗਰਮ ਰੂਪ ਵਿਚ ਉਹਨਾਂ ਨਾਲ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਜਾਇਡਸ ਕੈਡਿਲਾ ਪਲਾਂਟ ਪਹੁੰਚ ਕੇ ਵੈਕਸੀਨ ਸਬੰਧੀ ਕਾਰਜਾਂ ਦਾ ਜਾਇਜ਼ਾ ਲਿਆ। ਨਿਊਜ਼ ਏਜੰਸੀ ਮੁਤਾਬਕ ਪੀਐਮ ਮੋਦੀ ਨੇ ਪਲਾਂਟ ਦੇ ਬਾਹਰ ਖੜ੍ਹੇ ਲੋਕਾਂ ਨੂੰ ਹੱਥ ਜੋੜ ਕੇ ਪ੍ਰਣਾਮ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ, 'ਜਾਇਡਸ ਕੈਡਿਲਾ ਵੱਲੋਂ ਵਿਕਸਿਤ ਕੀਤੀ ਜਾ ਰਹੀ ਸਵਦੇਸ਼ੀ ਡੀਐਨਏ ਅਧਾਰਤ ਵੈਕਸੀਨ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ ਅਹਿਮਦਾਬਾਦ ਵਿਚ ਜਾਇਡਸ ਬਾਇਟੈਕ ਪਾਰਕ ਦਾ ਦੌਰਾ ਕੀਤਾ। ਮੈਂ ਇਸ ਕੰਮ ਵਿਚ ਲੱਗੀ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਾ ਹਾਂ। ਇਸ ਯਾਤਰਾ ਵਿਚ ਉਹਨਾਂ ਦਾ ਸਾਥ ਦੇਣ ਲਈ ਭਾਰਤ ਸਰਕਾਰ ਸਰਗਰਮ ਰੂਪ ਵਿਚ ਕੰਮ ਕਰ ਰਹੀ ਹੈ'।
ਦੱਸ ਦਈਏ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਦੇ ਸਹਿਯੋਗ ਨਾਲ ਬਾਇਓਟੈਕ ਕੋਵਿਡ -19 ਦੀ ਰੋਕਥਾਮ ਲਈ ਇਕ ਸੰਭਾਵਿਤ ਟੀਕਾ ਕੋਵੈਕਸੀਨ ਵਿਕਸਤ ਕਰ ਰਿਹਾ ਹੈ, ਜਿਸ ਦਾ ਤੀਜੇ ਪੜਾਅ ਦਾ ਪਰੀਖਣ ਚੱਲ ਰਿਹਾ ਹੈ।