82 ਸਾਲਾ ਸੰਘਰਸ਼ੀ ਯੋਧੇ ਦੀ ਮੋਦੀ ਨੂੰ ਲਲਕਾਰ, ਮੋਢੇ ’ਤੇ ਸਾਫ਼ਾ ਰੱਖ ਕੇ 'ਚਲਦਾ ਬਣਨ ਦੀ ਦਿੱਤੀ ਸਲਾਹ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਘਰੋਂ ਸਿਰ ’ਤੇ ਚਿੱਟਾ ਸਾਫ਼ਾ (ਕਫਨ) ਰੱਖ ਕੇ ਤੁਰੇ ਸਾਂ, ਮੋਰਚਾ ਫਤਿਹ ਕਰ ਕੇ ਹੀ ਪਰਤਾਂਗੇ

Delhi Dharna

ਨਵੀਂ ਦਿੱਲੀ (ਚਰਨਜੀਤ ਸੁਰਖਾਬ) : ਕਿਸਾਨੀ ਸੰਘਰਸ਼ ਆਪਣੀਆਂ ਵਿਲੱਖਣ ਪੈੜਾਂ ਅਤੇ ਸੁਨਹਿਰੀ ਇਤਿਹਾਸ ਸਿਰਜਦਾ ਹੋਇਆ ਅਪਣੀ ਜਿੱਤ ਵੱਲ ਵਧਦਾ ਜਾ ਰਿਹਾ ਹੈ। ਸੰਘਰਸ਼ੀ ਯੋਧਿਆਂ ਵਲੋਂ ਸਿਰਜੇ ਜਾ ਰਹੇ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਮਾਣ ਨਾਲ ਵਾਚਿਆ ਕਰਨਗੀਆਂ। ਕੇਂਦਰ ਸਰਕਾਰ ਭਾਵੇਂ ਅਜੇ ਤਕ ਅਪਣੀ ਹੱਠ-ਧਰਮੀ ’ਤੇ ਕਾਇਮ ਰਹਿੰਦਿਆਂ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤ ਕਿਸਾਨੀ ਘੋਲ ਨੂੰ ਲੀਹੋ ਲਾਹੁਣ ਦੀ ਸਿਰਤੋੜ ਕੋਸ਼ਿਸ਼ ਕਰ ਰਹੀ ਹੈ, ਪਰ ਦੂਜੇ ਪਾਸੇ ਸਰਕਾਰ ਨਾਲ ਮੱਥਾ ਲਾਈ ਬੈਠੇ ਮਰਜੀਵੜਿਆਂ ਦੀ ਫ਼ੌਜ ਚੜ੍ਹਦੀ ਕਲਾਂ ’ਚ ਕਰੋ ਜਾਂ ਮਰੋ ਦੀ ਲੜਾਈ ਲੜ ਰਹੀ ਹੈ। 

ਸਪੋਕਸਮੈਨ ਟੀਵੀ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਹਰਬੰਸ ਸਿੰਘ ਕੋੜਾ ਜ਼ਿਲ਼੍ਹਾ ਪ੍ਰਧਾਨ ਬਲਾਕ ਮੱਲਾਵਾਲਾ ਨੇ ਦਸਿਆ ਕਿ ਮੇਰੀ ਉਮਰ ਇਸ ਵੇਲੇ 82 ਸਾਲ ਹੈ ਅਤੇ ਜਦੋਂ ਮੈਂ ਦਿੱਲੀ ਲਈ ਘਰੋਂ ਰਵਾਨਾ ਹੋਇਆ ਤਾਂ  ਮੇਰੇ ਦੋ ਪੜੋਤੇ ਤੇ ਪੜੋਤੀ ਮੇਰੀਆਂ ਲੱਤਾਂ ਨੂੰ ਚਿੰਬੜ ਗਏ ਅਤੇ ਪੁਛਣ ਲੱਗੇ ਕਿ ਤੁਸੀਂ ਕਿੱਥੇ ਜਾ ਰਹੇ ਹੋ? ਹਰਬੰਸ ਸਿੰਘ ਕੋੜਾ ਮੁਤਾਬਕ ਉਨ੍ਹਾਂ ਨੇ ਅਪਣੇ ਸਿਰ ’ਤੇ ਚਿੱਟਾ ਸਾਫਾ ਰੱਖ ਕੇ ਅਪਣੀ ਚੌਥੀ ਪੀੜ੍ਹੀ ਦੇ ਵਾਰਸਾਂ ਨੂੰ ਆਖਿਆ ਮੈਂ ਸਿਰ ’ਤੇ ਕਫਨ ਬੰਨ ਕੇ ਤੁਰਿਆ ਹਾਂ। ਮੈਂ ਵਾਪਸ ਪਰਤਾਂਗਾ ਜਾਂ ਨਹੀਂ, ਇਸ ਬਾਰੇ ਕੁੱਝ ਪਤਾ ਨਹੀਂ ਹੈ ਪਰ ਮੈਂ ਤੁਹਾਡੇ ਭਵਿੱਖ ਦੀ ਲੜਾਈ ਲੜਨ ਜਾ ਰਿਹਾ ਅਤੇ ਜਿੱਤ ਹੋਈ ਤਾਂ ਵਾਪਸ ਪਰਤਾਂਗਾ ਵਰਨਾ ਨਹੀਂ। 

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖਾਤਿਬ ਹੁੰਦਿਆਂ ਇਕ ਰਾਜੇ ਦੀ ਕਹਾਣੀ ਸੁਣਾਈ ਕਿ ਇਕ ਰਾਜਾ ਸੀ, ਜਿਸ ’ਤੇ ਕੋਈ ਦੂਜਾ ਰਾਜਾ ਹਮਲਾ ਕਰਨ ਵਾਲਾ ਸੀ। ਰਾਜੇ ਦੇ ਦਰਬਾਰੀਆਂ ਨੇ ਰਾਜੇ ਨੂੰ ਇਸ ਬਾਰੇ ਸੂਚਿਤ ਕੀਤਾਂ ਰਾਜੇ ਦਾ ਜਵਾਬ ਸੀ, ਆਉਣ ਦਿਓ ਮੈਂ ਪ੍ਰਬੰਧ ਕੀਤਾ ਹੋਇਐ। ਫਿਰ ਜਦੋਂ ਦੂਜੇ ਰਾਜਾ ਦੀਆਂ ਫ਼ੌਜਾਂ ਸਮੇਤ ਕਿਲੇ ਲਾਗੇ ਪਹੁੰਚ ਗਈਆਂ ਤਾਂ ਦਰਬਾਰੀਆਂ ਨੇ ਰਾਜੇ ਨੂੰ ਇਕ ਫਿਰ ਸੂਚਿਤ ਕੀਤਾ ਤਾਂ ਰਾਜੇ ਨੇ ਕਿਹਾ, ਕੋਈ ਨਾ ਆਉਣ ਦਿਓ ਮੈਂ ਸਾਰਾ ਪ੍ਰਬੰਧ ਕਰ ਰਖਿਆ ਹੈ।

ਜਦੋਂ ਦਰਬਾਰੀਆਂ ਨੇ ਕਿਹਾ ਕਿ ਹੁਣ ਤਾਂ ਦੁਸ਼ਮਣ ਦੀਆਂ ਫ਼ੌਜਾਂ ਕਿੱਲੇ ਦੀਆਂ ਕੰਧਾਂ ਨੂੰ ਪਾਰ ਕਰ ਅੰਦਰ ਆਉਣ ਲੱਗੀਆਂ ਹਨ ਤਾਂ ਰਾਜੇ ਨੇ ਸਾਫ਼ਾ ਚੁਕਿਆ ਤਾਂ ਉਥੋਂ ਜਾਂਦਾ ਹੋਇਆ ਬੋਲਿਆ, ਸਾਭੋ ਆਪਣਾ ਰਾਜ-ਭਾਗ, ਮੈਂ ਤਾਂ ਚੱਲਿਆ ਹਾਂ।’’ ਸੋ ਸਾਡੀ ਮੋਦੀ ਨੂੰ ਵੀ ਇਹੀ ਸਲਾਹ ਹੈ ਕਿ ਉਹ ਸਾਫਾ ਚੁੱਕ ਕੇ ਚਲਿਆ ਜਾਵੇ, ਕਿਉਂਕਿ ਉਸ ਕੋਲ ਹੁਣ ਹੋਰ ਕੋਈ ਚਾਰਾ ਨਹੀਂ ਹੈ।

ਪੜਪੋਤਿਆਂ ਦੀ ਯਾਦ ਆਉਣ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਬਾਬੇ ਨੇ ਕਿਹਾ ਕਿ ਮੈਂ ਅੱਠ ਦਿਨ ਫਿਰੋਜ਼ਪੁਰ ਟੇਸ਼ਨ ’ਤੇ ਮੋਰਚੇ ਵਿਚ ਰਿਹਾ ਸਾਂ। ਜਦੋਂ ਮੇਰੇ ਸਾਥੀ ਮੈਨੂੰ ਬੁਲਾਉਣ ਆਉਂਦੇ ਸਨ ਤਾਂ ਰੌ ਪੈਂਦੇ ਸਨ। ਸਪੋਕਸਮੈਨ ਟੀਵੀ ਦੇ ਪੱਤਰਕਾਰ ਵਲੋਂ ਇਸ ਬਾਬੇ ਦੀ ਪੜੋਤਿਆ ਨਾਲ ਵੀਡੀਓ ਕਾਲ ਕਰਵਾਈ। ਦੋਵੇਂ ਪਾਸਿਉਂ ਜਜ਼ਬਾਤੀ ਦੁਆ-ਸਲਾਮ ਹੋਈ। ਬਾਬੇ ਨੇ ਪੜੋਤਿਆਂ ਨੂੰ ਮੁੜ ਜਜ਼ਬਾਤੀ ਸ਼ਬਦ ਬੋਲੇ ਜਿਸ ਤੋਂ ਬਾਅਦ ਦੋਵੇਂ ਪਾਸੇ ਮਾਹੌਲ ਸੰਜੀਦਗੀ ਭਰਪੂਰ ਹੋ ਗਿਆ। ਅੱਖਾਂ ਭਰ ਕੇ ਅਪਣੀ ਚੌਥੀ ਪੀੜ੍ਹੀ ਨੂੰ ਮੁਖਾਤਿਬ ਹੁੰਦਿਆਂ ਇਸ ਬਾਬੇ ਨੇ ਮੋਰਚਾ ਫਤਿਹ ਕਰ ਕੇ ਹੀ ਵਾਪਸ ਪਰਤਣ ਦਾ ਧਰਵਾਸਾ ਦਿਤਾ ਜਦਕਿ ਦੂਜੇ ਪਾਸੇ ਬਾਬੇ ਦੇ ਪੜਪੋਤਿਆਂ ਨੇ ਉਨ੍ਹਾਂ ਬਗੈਰ ਦਿਲ ਨਾ ਲੱਗਣ ਦੀ ਗੱਲ ਕਹੀ।