ਓਮੀਕਰੋਨ ਦੇ ਚਲਦਿਆਂ ਦਿੱਲੀ ਵਿਚ ਯੈਲੋ ਅਲਰਟ, ਜਾਣੋ ਕੀ-ਕੀ ਖੁੱਲ੍ਹੇਗਾ ਅਤੇ ਕੀ-ਕੀ ਰਹੇਗਾ ਬੰਦ?
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ ਪਰ ਘਬਰਾਉਣ ਦੀ ਲੋੜ ਨਹੀਂ ਹੈ।
ਨਵੀਂ ਦਿੱਲੀ: ਓਮੀਕਰੋਨ ਦੇ ਖਤਰੇ ਦੇ ਚਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ ਪਰ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਤੈਅ ਮਾਪਦੰਡਾਂ ਅਨੁਸਾਰ ਜੇਕਰ ਲਗਾਤਾਰ ਦੋ ਦਿਨਾਂ ਤੱਕ ਸਕਾਰਾਤਮਕਤਾ ਦਰ 0.5 ਫੀਸਦੀ ਰਹਿੰਦੀ ਹੈ ਤਾਂ ਯੈਲੋ ਅਲਰਟ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਦਿੱਲੀ ਵਿਚ ਲਗਾਤਾਰ ਤਿੰਨ ਦਿਨਾਂ ਤੱਕ ਸਕਾਰਾਤਮਕਤਾ ਦਰ ਵਧੀ ਹੈ।
ਉਹਨਾਂ ਕਿਹਾ ਕਿ ਇਸ ਲਈ ਯੈਲੋ ਅਲਰਟ ਹੋਣ 'ਤੇ ਲੈਵਲ ਵਨ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਯੈਲੋ ਅਲਰਟ ਕਾਰਨ ਦਿੱਲੀ ਦੇ ਸਿਨੇਮਾ ਹਾਲ ਅਤੇ ਜਿੰਮ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਜਦਕਿ ਸ਼ਾਪਿੰਗ ਮਾਲ ਅਤੇ ਦੁਕਾਨਾਂ ਓਡ-ਈਵਨ ਆਧਾਰ 'ਤੇ ਖੁੱਲ੍ਹਣਗੀਆਂ। ਮਾਲ ਅਤੇ ਦੁਕਾਨਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਦਿੱਲੀ ਮੈਟਰੋ, ਰੈਸਟੋਰੈਂਟਾਂ ਅਤੇ ਬਾਰ ਵਿਚ ਸਿਰਫ 50 ਪ੍ਰਤੀਸ਼ਤ ਲੋਕਾਂ ਨੂੰ ਹੀ ਆਗਿਆ ਦਿੱਤੀ ਜਾਵੇਗੀ। ਦਿੱਲੀ ਸਰਕਾਰ ਨੇ ਇਹਨਾਂ ਪਾਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ, "ਜ਼ਿਆਦਾਤਰ ਮਾਮਲਿਆਂ ਵਿਚ ਹਸਪਤਾਲ ਜਾਣ ਦੀ ਲੋੜ ਨਹੀਂ ਹੁੰਦੀ, ਨਾ ਆਕਸੀਜਨ ਦੀ ਲੋੜ ਹੁੰਦੀ ਹੈ ਅਤੇ ਨਾ ਹੀ ਵੈਂਟੀਲੇਟਰ ਦੀ ਲੋੜ ਹੁੰਦੀ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ।"
ਕੇਜਰੀਵਾਲ ਨੇ ਕਿਹਾ- ਮਾਸਕ ਪਹਿਨਦੇ ਰਹੋ। ਇਸ ਸਮੇਂ ਬਾਜ਼ਾਰਾਂ ਵਿਚ ਭਾਰੀ ਭੀੜ ਹੈ ਪਰ ਲੋਕ ਮਾਸਕ ਨਹੀਂ ਪਹਿਨ ਰਹੇ ਹਨ। ਆਪ ਜੀ ਨੂੰ ਬੇਨਤੀ ਹੈ ਕਿ ਇਸ ਤਰਾਂ ਬਜ਼ਾਰਾਂ ਵਿਚ ਭੀੜ ਨਾ ਵਧਾਓ। ਇਸ ਵਾਰ ਅਸੀਂ ਕੋਰੋਨਾ ਨਾਲ ਨਜਿੱਠਣ ਲਈ 10 ਗੁਣਾ ਬਿਹਤਰ ਤਿਆਰ ਹਾਂ ਅਤੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦਿੱਲੀ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਓਮੀਕਰੋਨ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਇੱਕ ਦਿਨ ਪਹਿਲਾਂ ਦਿੱਲੀ ਵਿਚ ਕੋਰੋਨਾ ਦੇ 331 ਨਵੇਂ ਮਾਮਲੇ ਸਾਹਮਣੇ ਆਏ ਸਨ।