ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਵਲੋਂ ਔਰਤ ਨਾਲ ਬਦਸਲੂਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਇਰਲ ਵੀਡੀਓ ਤੋਂ ਬਾਅਦ ਵਿਰੋਧੀਆਂ ਨੇ ਸਾਧਿਆ ਨਿਸ਼ਾਨਾ....

Karnataka's former Chief Minister

ਚੰਡੀਗੜ੍ਹ : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸਿਧਰਮਈਆ ਵਲੋਂ ਇਕ ਔਰਤ ਨਾਲ ਬਦਸਲੂਕੀ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ। ਦਰਅਸਲ ਇਹ ਮਾਮਲਾ ਕਰਨਾਟਕ ਦੇ ਮੈਸੂਰ ਦਾ ਹੈ, ਜਿੱਥੇ ਇਕ ਜਨਤਕ ਮੀਟਿੰਗ ਦੌਰਾਨ ਸਿਧਰਮਈਆ ਨੇ ਆਪੇ ਤੋਂ ਬਾਹਰ ਹੁੰਦੇ ਹੋਏ ਆਪਣੀ ਗੱਲ ਰੱਖ ਰਹੀ ਔਰਤ ਨਾਲ ਦੁਰਵਿਵਹਾਰ ਕੀਤਾ।

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਕਾਸ ਕਾਰਜਾਂ ਨਾਲ ਜੁੜੀਆਂ ਗਤੀਵਿਧੀਆਂ ਨੂੰ ਲੈ ਕੇ ਆਪਣੀ ਸ਼ਿਕਾਇਤ ਕਰ ਰਹੀ ਔਰਤ ਤੋਂ ਸਾਬਕਾ ਮੁੱਖ ਮੰਤਰੀ ਕਿਵੇਂ ਮਾਈਕ ਖੋਂਹਦੇ ਨਜ਼ਰ ਆਉਂਦੇ ਹਨ। ਕਿ ਇਸ ਦੌਰਾਨ ਔਰਤ ਦਾ ਦੁਪੱਟਾ ਵੀ ਲਹਿ ਜਾਂਦਾ ਹੈ। ਮਾਈਕ ਖੋਹਣ ਦੇ ਬਾਅਦ ਸਿਧਰਮਈਆ ਉਸ ਔਰਤ ਨੂੰ ਹੱਥ ਅੱਗੇ ਵਧਾਕੇ ਉਸ ਨੂੰ ਧੱਕੇ ਨਾਲ ਬੈਠਾਉਣ ਦਾ ਵੀ ਯਤਨ ਕਰਦੇ ਨਜ਼ਰ ਆਉਂਦੇ ਹਨ।

ਦਸ ਦਈਏ ਕਿ ਸਿਧਰਮਈਆ ਮੌਜੂਦਾ ਸਮੇਂ ਕਰਨਾਟਕ ਵਿਚ ਵਿਰੋਧੀ ਪਾਰਟੀ ਦੇ ਆਗੂ ਹਨ ਅਤੇ ਉਹ ਐਚਡੀ ਕੁਮਾਰਸੁਆਮੀ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਮੈਸੂਰ ਵਿਚ ਹੋਈ ਇਹ ਪੂਰੀ ਘਟਨਾ ਮੌਕੇ 'ਤੇ ਮੌਜੂਦ ਮੀਡੀਆ ਕਰਮੀਆਂ ਦੇ ਕੈਮਰੇ ਵਿਚ ਕੈਦ ਹੋ ਗਈ ਅਤੇ ਬਾਅਦ ਵਿਚ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿਤੀ ਗਈ। ਇਸ ਵੀਡੀਓ ਨੂੰ ਲੈ ਕੇ ਕਾਂਗਰਸ ਵਿਰੋਧੀਆਂ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਣਾ ਸ਼ੁਰੂ ਕਰ ਦਿਤਾ ਹੈ।