ਕਰਨਾਟਕਾ ਦੇ ਮੁੱਖ ਮਤੰਰੀ ਨੇ ਭਾਜਪਾ 'ਤੇ ਲਗਾਇਆ ਵਿਧਾਇਕ ਨੂੰ ਖਰੀਦਣ ਦਾ ਇਲਜ਼ਾਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਦੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਇਕ ਵਾਰ ਫਿਰ ਭਾਜਪਾ 'ਤੇ ਵਿਧਾਇਕ ਨੂੰ ਖਰੀਦਣ ਦਾ ਇਲਜ਼ਾਮ ਲਗਾਇਆ ਹੈ।

HD Kumaraswamy

ਬੈਂਗਲੁਰੂ : ਕਰਨਾਟਕਾ ਵਿਚ ਰਾਜ ਦੀ ਸੱਤਾ 'ਤੇ ਕਾਬਜ਼ ਕਾਂਗਰਸ ਅਤੇ ਜਨਤਾ ਦਲ ਸੈਕੂਲਰ ਦੀ ਸਰਕਾਰ ਲਗਾਤਾਰ ਭਾਜਪਾ 'ਤੇ ਸਰਕਾਰ ਨੂੰ ਗਿਰਾਉਣ ਦਾ ਇਲਜ਼ਾਮ ਲਗਾ ਰਹੀ ਹੈ। ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਉਹ ਅਜਿਹੀ ਕੋਈ ਕੋਸ਼ਿਸ਼ ਨਹੀਂ ਕਰ ਰਹੀ ਹੈ। ਰਾਜ ਦੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਇਕ ਵਾਰ ਫਿਰ ਭਾਜਪਾ 'ਤੇ ਵਿਧਾਇਕ ਨੂੰ ਖਰੀਦਣ ਦਾ ਇਲਜ਼ਾਮ ਲਗਾਇਆ ਹੈ।

ਜਿਸ 'ਤੇ ਪਲਟਵਾਰ ਕਰਦੇ ਹੋਏ ਭਾਜਪਾ ਨੇ ਕਿਹਾ ਹੈ ਕਿ ਵਿਧਾਇਕਾਂ ਨੂੰ ਜੋੜੇ ਰੱਖਣਾ ਉਹਨਾਂ ਦੀ ਜਿੰਮੇਵਾਰ ਹੈ। ਕੁਮਾਰਸਵਾਮੀ ਨੇ ਕਿਹਾ ਕਿ ਆਪ੍ਰੇਸ਼ਨ ਕਮਲ ਅਜੇ ਵੀ ਜਾਰੀ ਹੈ। ਭਾਜਪਾ ਨੇ ਸਾਡੇ ਵਿਧਾਇਕਾ ਨੂੰ ਵੱਡੀ ਰਕਮ ਦੇਣ ਦੀ ਪੇਸ਼ਕਸ਼ ਕੀਤੀ। ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਸਾਡੇ ਵਿਧਾਇਕ ਨੇ ਦੱਸਿਆ ਕਿ ਉਸ ਨੂੰ ਕੋਈ ਤੋਹਫ਼ਾ ਨਹੀਂ ਚਾਹੀਦਾ ਅਤੇ ਉਸ 'ਤੇ ਇਹ ਚੀਜ਼ਾਂ ਵਰਤਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਮੁੱਖ ਮੰਤਰੀ 'ਤੇ ਪਲਟਵਾਰ ਕਰਦੇ ਹੋਏ ਭਾਜਪਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਕਮਲ ਵਿਚ ਸ਼ਾਮਲ ਨਹੀਂ ਹਾਂ। ਅੰਦਰੂਨੀ ਲੜਾਈ ਕਾਰਨ ਉਹਨਾਂ ਦੇ ਵਿਧਾਇਕ ਉਹਨਾਂ ਤੋਂ ਦੂਰ ਜਾਣਾ ਚਾਹੁੰਦੇ ਹਨ। ਉਹਨਾਂ ਨੂੰ ਸਾਡੇ ਵੁਰਧ ਬੇਬੁਨਿਆਦ ਬਿਆਨ ਦੇਣੇ ਬੰਦ ਕਰਨੇ ਚਾਹੀਦੇ ਹਨ। ਸਾਡੀ ਗਿਣਤੀ 104 ਹੈ ਅਤੇ ਸਾਡੇ ਨਾਲ ਦੋ ਅਜ਼ਾਦ ਵਿਧਾਇਕ ਵੀ ਵਿਰੋਧੀ ਧਿਰ ਵਿਚ ਹਨ।

ਇਸ ਤੋਂ ਪਹਿਲਾਂ ਕਰਨਾਟਕਾ ਦੇ ਬਾਗੀ ਵਿਧਾਇਕਾਂ ਨੇ ਵਿਧਾਇਕ ਦਲ ਦੀ ਬੈਠਕ ਦੇ ਮੁਖੀ ਅਤੇ ਰਾਜ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੂੰ ਚਿੱਠੀ ਲਿਖ ਕੇ ਅਪਣੇ ਆਪ ਨੂੰ ਪਾਰਟੀ ਦਾ ਵਫਾਦਾਰ ਦੱਸਿਆ ਸੀ ਕਿਉਂਕਿ ਉਹਨਾਂ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਸ਼ਾਮਲ ਨਾ ਹੋਣ ਕਾਰਨ ਦਲ-ਬਦਲ ਕਾਨੂੰਨ ਅਧੀਨ ਨੋਟਿਸ ਭੇਜਿਆ ਗਿਆ ਸੀ। ਜਰਕੀਹੋਲੀ, ਕੁਮਾਰ ਟੱਲੀ ਅਤੇ ਦੋ ਹੋਰ ਵਿਧਾਇਕ ਬੀ.ਨਾਗੇਂਦਰ ਅਤੇ ਉਮੇਸ਼ ਯਾਦਵ ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਗ਼ੈਰ ਹਾਜ਼ਰ ਰਹੇ ਸਨ।