ਅਨੁਰਾਗ ਠਾਕੁਰ ਅਤੇ ਪਰਵੇਸ਼ ਵਰਮਾ 'ਤੇ ਚੋਣ ਕਮਿਸ਼ਨ ਦੀ ਕਾਰਵਾਈ, ਨਹੀਂ ਕਰ ਸਕਣਗੇ ਚੋਣ ਪ੍ਰਚਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਨਹੀਂ ਹੋਣਗੇ

File

ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਅਤੇ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਹੁਣ ਦਿੱਲੀ ਚੋਣਾਂ ਵਿਚ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਨਹੀਂ ਹੋਣਗੇ। ਉਨ੍ਹਾਂ ਦੇ ਭੜਕਾਓ ਬਿਆਨਾਂ ਦੇ ਕਾਰਨ ਚੋਣ ਕਮਿਸ਼ਨ ਨੇ ਭਾਜਪਾ ਨੂੰ ਨਿਰਦੇਸ਼ ਦਿੱਤਾ ਹੈ ਕਿ ਦੋਵਾਂ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਜਾਵੇ।

ਦਿੱਲੀ ਵਿਧਾਨ ਸਭਾ ਦੀ ਚੋਣ 8 ਫਰਵਰੀ ਨੂੰ ਹੈ। ਇਸ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਮੁਕਾਬਲਾ ਦੱਸਿਆ ਜਾ ਰਿਹਾ ਹੈ। ਕਾਂਗਰਸ ਵੀ ਚੋਣ ਮੈਦਾਨ ਵਿਚ ਹੈ ਪਰ ਲੱਗਦਾ ਨਹੀਂ ਹੈ ਕਿ ਫਿਲਹਾਲ ਉਹ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਕੋਈ ਵਿਸ਼ੇਸ਼ ਚੁਣੌਤੀ ਦੇ ਸਕਦੀ ਹੈ। 

ਚੋਣ ਮੁਹਿੰਮ ਦੌਰਾਨ ਅਨੁਰਾਗ ਠਾਕੁਰ ਨੇ ਆਪਣੇ ਸਮਰਥਕਾਂ ਵੱਲੋਂ ‘ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰਨ’ ਦੇ ਨਾਅਰੇ ਲਗਾਏ ਸਨ। ਦੂਜੇ ਪਾਸੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਸੀਏਏ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਧਰਨੇ ‘ਤੇ ਬੈਠੇ ਲੋਕਾਂ ਬਾਰੇ ਕਿਹਾ ਸੀ।

“ਲੱਖਾਂ ਲੋਕ (ਸ਼ਾਹੀਨ ਬਾਗ ਵਿੱਚ) ਇਕੱਠੇ ਹੋ ਰਹੇ ਹਨ ... ਦਿੱਲੀ ਦੇ ਲੋਕਾਂ ਨੂੰ ਸੋਚਣਾ ਪਏਗਾ, ਅਤੇ ਫੈਸਲਾ ਲੈਣਾ ਪਏਗਾ ... ਉਹ ਤੁਹਾਡੇ ਘਰਾਂ ਵਿੱਚ ਦਾਖਲ ਹੋਣਗੇ, ਤੁਹਾਡੀਆਂ ਭੈਣਾਂ ਅਤੇ ਧੀਆਂ ਨਾਲ ਜਬਰ-ਜ਼ਨਾਹ ਕਰਨਗੇ, ਉਨ੍ਹਾਂ ਨੂੰ ਮਾਰ ਦੇਣਗੇ ... ਅੱਜ ਹੀ ਸਮਾਂ ਹੈ, ਕੱਲ੍ਹ ਮੋਦੀ ਜੀ ਅਤੇ ਅਮਿਤ ਸ਼ਾਹ ਤੁਹਾਨੂੰ ਬਚਾਉਣ ਨਹੀਂ ਆਉਣਗੇ"।