ਹੁਣ ਅਕਾਲੀ ਦਲ ਲਈ ਮਾਲਵੇ 'ਚੋਂ ਆਉਣ ਵਾਲੀ ਏ 'ਮਾੜੀ ਖ਼ਬਰ', ਵਧਣਗੀਆਂ ਮੁਸ਼ਕਲਾਂ!
ਦਲਿਤ ਟਕਸਾਲੀ ਪਰਵਾਰ ਦੇ ਆਗੂ ਨੇ ਸੁਖਬੀਰ ਵੱਲ ਲਿਖੀ ਚਿੱਠੀ
ਚੰਡੀਗੜ੍ਹ : ਟਕਸਾਲੀ ਅਕਾਲੀ ਆਗੂਆਂ ਤੋਂ ਬਾਅਦ ਢੀਂਡਸਾ ਪਰਵਾਰ ਵਲੋਂ ਸਿਧਾਂਤਕ ਮੁੱਦਿਆਂ ਨੂੰ ਲੈ ਕੇ ਪਾਰਟੀ 'ਚੋਂ ਕਿਨਾਰਾ ਕਰ ਜਾਣ ਕਾਰਨ ਅਕਾਲੀ ਦਲ ਅਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ। ਹੁਣ ਅਕਾਲੀ ਦਲ ਨੂੰ ਅੰਦਰੋਂ ਤੇ ਬਾਹਰੋਂ ਦੋ-ਦੋ ਮੁਹਾਜ਼ਾਂ ਤੋਂ ਲੜਨਾ ਪੈ ਰਿਹਾ ਹੈ। ਜਿੱਥੇ ਅਕਾਲੀ ਦਲ ਨੂੰ ਬਾਗੀ ਟਕਸਾਲੀ ਆਗੂਆਂ ਵਲੋਂ ਪੈਦਾ ਕੀਤੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਪਾਰਟੀ ਅੰਦਰਲੇ ਕੁੱਝ ਨਾਰਾਜ ਆਗੂਆਂ ਦੀਆਂ ਸਰਗਰਮੀਆਂ ਵੱਡੀ ਸਿਰਦਰਦੀ ਬਣ ਰਹੀਆਂ ਹਨ।
ਸ਼੍ਰੋਮਣੀ ਕਮੇਟੀ ਅੰਦਰੋਂ ਧੜੇਬੰਦੀ ਦੀਆਂ ਕਨਸੋਆਂ ਆਉਣ ਤੋਂ ਬਾਅਦ ਹੁਣ ਅਕਾਲੀ ਦਲ ਲਈ ਮਾਲਵੇ ਤੋਂ ਵੀ ਮਾੜੀ ਖ਼ਬਰ ਆਉਣ ਵਾਲੀ ਹੈ। ਮਾਲਵੇ ਦੇ ਇਕ ਦਲਿਤ ਭਾਈਚਾਰੇ ਨਾਲ ਸਬੰਧਤ ਟਕਸਾਲੀ ਪਰਵਾਰ ਦੀਆਂ ਬਗਾਵਤੀ ਸੁਰਾਂ ਕਾਰਨ ਅਕਾਲੀ ਦਲ ਖਿਲਾਫ਼ ਮਾਲਵੇ 'ਚ ਵੀ ਵੱਡਾ ਧਮਾਕਾ ਹੋਣ ਦੇ ਸੰਕੇਤ ਮਿਲੇ ਹਨ।
ਸੂਤਰਾਂ ਮੁਤਾਬਕ ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਵਲੋਂ ਸੁਖਬੀਰ ਬਾਦਲ ਵੱਲ ਗਿਲੇ-ਸ਼ਿਕਵਿਆਂ ਭਰੀ ਚਿੱਠੀ ਲਿਖੀ ਗਈ ਹੈ। ਬੀਬੀ ਗੁਲਸ਼ਨ ਵਲੋਂ ਚਿੱਠੀ ਵਿਚ ਜਿਸ ਤਰ੍ਹਾਂ ਦੀ ਬਗਾਵਤੀ ਸੁਰਾਂ ਅਪਣਾਈਆਂ ਗਈਆਂ ਹਨ, ਉਸ ਤੋਂ ਇਹ ਚਿੱਠੀ ਕਿਸੇ ਵੱਡੇ ਸਿਆਸੀ ਧਮਾਕੇ ਤੋਂ ਘੱਟ ਨਹੀਂ ਹੈ।
ਚਿੱਠੀ 'ਚ ਬੀਬੀ ਗੁਲਸ਼ਨ ਵਲੋਂ ਉਨ੍ਹਾਂ ਦੇ ਪਰਿਵਾਰ ਨੂੰ ਨੁੱਕਰੇ ਲਾਉਣ ਦਾ ਦੋਸ਼ ਲਾਇਆ ਗਿਆ ਹੈ। ਚਿੱਠੀ ਮੁਤਾਬਕ ਬੀਬੀ ਗੁਲਸ਼ਨ ਅਤੇ ਉਨ੍ਹਾਂ ਦੇ ਪਤੀ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਅਕਾਲੀ ਦਲ ਵਿਚ ਨੁੱਕਰੇ ਲੱਗੇ ਹੋਣ ਕਾਰਨ ਘੁਟਣ ਮਹਿਸੂਸ ਕਰ ਰਹੇ ਹਨ।
ਬੀਬੀ ਗੁਲਸ਼ਨ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਤੋਂ ਅਕਾਲੀ ਦਲ ਅੰਦਰ ਟਕਸਾਲੀ ਤੇ ਦਲਿਤ ਭਾਈਚਾਰੇ ਨਾਲ ਸਬੰਧਤ ਪਰਿਵਾਰਾਂ ਦੀ ਕੋਈ ਵੁਕਤ ਨਹੀਂ ਰਹੀ। ਦਲਿਤਾਂ ਨੂੰ ਪਾਰਟੀ ਅੰਦਰ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਲੋਂ ਦਲਿਤਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਕਾਰਨ ਇੱਥੇ ਡੇਰਾਵਾਦ ਪਨਪ ਰਿਹਾ ਹੈ।
ਬੀਬੀ ਗੁਲਸ਼ਨ ਦਾ ਕਹਿਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਰੈਗੂਲਰ ਪ੍ਰਧਾਨਗੀ ਕਦੇ ਵੀ ਕਿਸੇ ਦਲਿਤ ਆਗੂ ਨਹੀਂ ਮਿਲੀ। ਇੱਥੋਂ ਤਕ ਕਿ ਸ਼੍ਰੋਮਣੀ ਕਮੇਟੀ ਅੰਦਰ ਦਲਿਤ ਭਾਈਚਾਰੇ ਨੂੰ ਬਣਦੀ ਪ੍ਰਤੀਨਿਧਤਾ ਵੀ ਨਹੀਂ ਦਿਤੀ ਜਾ ਰਹੀ। ਉਨ੍ਹਾਂ ਕਿਹਾ ਕਿ ਟਕਸਾਲੀ ਅਤੇ ਦਲਿਤਾਂ ਦੀ ਅਣਦੇਖੀ ਅਕਾਲੀ ਦਲ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਸਿਆਸਤ ਵਿਚ ਮੁੜ ਸਰਗਰਮ ਹੋਣ ਜਾ ਰਹੇ ਹਨ ਪਰ ਅਪਣੇ ਅਗਲੇ ਕਦਮ ਬਾਰੇ ਉਹ ਸਮਾਂ ਆਉਣ 'ਤੇ ਹੀ ਦੱਸਣਗੇ।