ਅਕਾਲੀ-ਭਾਜਪਾ ਗੱਠਜੋੜ ਬਾਰੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ 'ਤੇ ਵਰਦਿਆ ਕਿਹਾ ਕਿ ਕੈਪਟਨ ਸਰਕਾਰ...

File Photo

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਨੂੰ  ਪੰਜਾਬ ਵਿਰੋਧੀ ਗਰਦਾਨਦਿਆ ਕਿਹਾ ਕਿ ਅਕਾਲੀ ਭਾਜਪਾ ਦਾ ਗਠਜੋੜ ਪੰਜਾਬ ਵਿੱਚ ਜਾਰੀ ਰਹੇਗਾ ਤੇ ਅਕਾਲੀ ਦਲ ਸਿਧਾਂਤਾਂ ਦੀ ਰਾਖੀ ਕਰਨ ਲਈ ਵਚਨਬੱਧ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ 'ਤੇ ਵਰਦਿਆ ਕਿਹਾ ਕਿ ਕੈਪਟਨ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਕਾਵਾਂਰੌਲੀ ਪਾ ਕੇ ਆਪਣੀ ਜਿੰਮੇਵਾਰੀ ਤੋ ਭੱਜ ਰਹੀ ਹੈ ਤੇ ਸੂਬੇ ਦੇ ਵਿਕਾਸ ਵਿੱਚ ਉਸੇ ਦਿਨ ਹੀ ਖੜੋਤ ਆ ਗਈ ਸੀ ਜਿਸ ਦਿਨ ਕੈਪਟਨ ਦੀ ਕਾਂਗਰਸ ਸਰਕਾਰ ਨੇ ਸੱਤਾ ਸੰਭਾਲੀ ਸੀ।

ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸਮੇਂ ਜਿੰਨਾ ਵਿਕਾਸ ਹੋਇਆ ਹੈ ਉਸ ਦਾ 10 ਫੀਸਦੀ ਵੀ ਕਾਂਗਰਸ ਸਰਕਾਰ ਸਮੇ ਕਦੇ ਨਹੀ ਹੋਇਆ। ਕਾਂਗਰਸ ਸਰਕਾਰ ਗਰੀਬਾਂ, ਮਜ਼ਦੂਰਾਂ ਤੇ ਕਿਸਾਨਾਂ ਦਾ ਲਹੂ ਚੂਸ ਰਹੀ ਹੈ ਜਦ ਕਿ ਅਕਾਲੀ ਭਾਜਪਾ ਸਰਕਾਰ ਨੇ ਇਹਨਾਂ ਵਰਗਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਦਿੱਤੀ ਸੀ। 

ਕੈਪਟਨ ਨੇ ਜਿੰਨੇ ਵੀ ਵਾਅਦੇ ਕੀਤੇ ਸਨ ਉਹਨਾਂ ਵਿੱਚੋ ਅੱਜ ਤੱਕ ਇੱਕ ਵੀ ਪੂਰਾ ਨਹੀ ਕੀਤਾ ਜਦ ਕਿ 26 ਜਨਵਰੀ ਤੇ ਮੋਬਾਇਲ ਵੰਡਣ ਦਾ ਬਿਆਨ ਮੁੱਖ ਮੰਤਰੀ ਦਾ ਆਪਣਾ ਸੀ ਪਰ ਉਹ ਵੀ ਵਫਾ ਨਹੀ ਹੋ ਸਕਿਆ। ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ਵਿੱਚ ਪੰਜਾਬ ਦੇ ਲੋਕਾਂ ਦਾ ਕਾਂਗਰਸ ਨੇ ਧੂੰਆ ਕੱਢ ਦਿੱਤਾ ਹੈ ਤੇ ਲੈਡ, ਸੈਂਡ ਮਾਫੀਆ ਤੇ ਨਸ਼ਿਆ ਦੇ ਵਪਾਰੀਆ ਨੂੰ ਪਨਪਨ ਦਿੱਤਾ ਜਾ ਰਿਹਾ ਹੈ।

ਥਾਣਿਆ ਵਿੱਚ ਕੋਈ ਐਸ ਐਚ ਓ ਨਹੀ ਸਗੋ ਕਾਂਗਰਸ ਆਗੂ ਰਾਜ ਕਰਦੇ ਹਨ ਤੇ ਡੀ ਜੀ ਪੀ ਕੋਲ ਕੋਈ ਵੀ ਅਧਿਕਾਰ ਨਹੀ ਹੈ। ਜਿਹੜੀਆ ਵਸਤਾਂ ਅਕਾਲੀ ਭਾਜਪਾ ਸਰਕਾਰ ਸਮੇਂ ਬਣਾਈਆ ਸਨ ਉਹ ਵੀ ਖਰਾਬ ਕੀਤੀਆ ਜਾ ਰਹੀਆ ਹਨ। ਵਿਰਾਸਤੀ ਬੁੱਤਾਂ ਬਾਰੇ ਉਹਨਾਂ ਕਿਹਾ ਕਿ ਇਸ ਮਾਮਲੇ ਤੇ ਉਹ ਕੋਈ ਟਿੱਪਣੀ ਨਹੀ ਕਰਨਗੇ ਪਰ ਜਥੇਦਾਰ ਅਕਾਲ ਤਖਤ ਦੇ ਹੁਕਮਾਂ ਤੇ ਪਹਿਰਾ ਦਿੱਤਾ ਜਾਵੇਗਾ।ਸ੍ਰ

ਸੁਖਦੇਵ ਸਿੰਘ ਢੀਡਸਾ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਉਹ ਕਾਂਗਰਸੀਆ ਵਿੱਚ ਘਿਰ ਗਏ ਹਨ ਕਿਉਕਿ ਕਾਂਗਰਸ ਦਾ ਵਫਾਦਾਰ ਵਰਕਰ ਪਰਮਜੀਤ ਸਿੰਘ ਸਰਨਾ, ਸ੍ਰ ਰਵੀਇੰਦਰ ਸਿੰਘ ਕੈਪਟਨ ਦਾ ਸਾਥੀ  ਤੇ ਰਾਮੂਵਾਲੀਆ ਸਮਾਜਵਾਦੀ ਪਾਰਟੀ ਦਾ ਐਮ ਐਸ ਸੀ ਇਹ ਸਾਰੇ ਪੰਥ ਦੋਖੀ ਹਨ ਜਿਹਨਾਂ ਦਾ ਪੰਥ ਨਾਲ ਕੋਈ ਲੈਣਾ ਦੇਣਾ ਨਹੀ ਹੈ।

ਮਨਜੀਤ ਸਿੰਘ ਜੀ ਕੇ ਇੱਕ ਭ੍ਰਿਸ਼ਟ ਵਿਅਕਤੀ ਹੈ ਜਿਸ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਚੱਲਦੇ ਹਨ ਤੇ ਉਹ ਗੁਰੂ ਦੀ ਗੋਲਕ ਨੂੰ ਲੁੱਟਣ ਦਾ ਹੀ ਦੋਸ਼ੀ ਨਹੀ ਸਗੋ ਗੁਰੂ ਘਰ ਦੀਆ ਜ਼ਮੀਨਾਂ ਜਾਇਦਾਦ ਵੀ ਲੁੱਟਣ ਦਾ ਦੋਸ਼ੀ ਹੈ। ਉਹਨਾਂ ਕਿਹਾ ਕਿ ਅਦਾਲਤ ਤੋ ਜ਼ਮਾਨਤ ਲੈ ਕੇ ਜੀ ਕੇ ਬਾਹਰ ਆਇਆ ਹੋਇਆ ਹੈ।  ਸ਼੍ਰੋਮਣੀ ਅਕਾਲੀ ਦਲ ਸਿਧਾਂਤਕ ਪਾਰਟੀ ਹੈ ਤੇ ਸਿਧਾਂਤ ਤੇ ਖੜੀ ਹੈ।

ਸੀ ਏ ਏ ਦਾ ਅਕਾਲੀ ਦਲ ਸਮੱਰਥਨ ਕਰਦਾ ਹੈ ਤੇ ਸੰਸਦ ਵਿੱਚ ਉਹਨਾਂ ਨੇ ਵੋਟ ਵੀ ਇਸ ਦੇ ਹੱਕ ਵਿੱਚ ਪਾਈ ਹੈ ਤੇ ਨਾਲ ਹੀ ਭਾਜਪਾ ਸਰਕਾਰ ਨੂੰ ਕਿਹਾ ਹੈ ਕਿ ਇਸ ਵਿੱਚ ਮੁਸਲਮਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਕਿਉਕਿ ਅਕਾਲੀ ਦਲ ਦਾ ਸਿਧਾਂਤ ਕਿਸੇ ਨਾਲ ਵਿਤਕਰੇ ਵਾਲਾ ਨਹੀ ਹੈ ਸਗੋ ਸਾਰੇ ਧਰਮਾਂ ਦਾ ਬਰਾਬਰ ਦੀ ਸਤਿਕਾਰ ਕਰਨਾ ਹੈ।