ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦੇ 21 ਹਵਾਈ ਅੱਡਿਆਂ ‘ਤੇ ‘ਥਰਮਲ ਜਾਂਚ’ ਸ਼ੁਰੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨ ਦੇ ਵੁਹਾਨ ਵਿਚ ਫੈਲੇ ਕੋਰੋਨਾ ਵਾਇਰਸ ਦਾ ਪ੍ਰਭਾਵ ਹੌਲੀ-ਹੌਲੀ ਪੂਰੀ ਦੁਨੀਆ ਵਿਚ ਦੇਖਿਆ ਜਾ ਰਿਹਾ ਹੈ।

Photo

ਨਵੀਂ ਦਿੱਲੀ: ਚੀਨ ਦੇ ਵੁਹਾਨ ਵਿਚ ਫੈਲੇ ਕੋਰੋਨਾ ਵਾਇਰਸ ਦਾ ਪ੍ਰਭਾਵ ਹੌਲੀ-ਹੌਲੀ ਪੂਰੀ ਦੁਨੀਆ ਵਿਚ ਦੇਖਿਆ ਜਾ ਰਿਹਾ ਹੈ। ਹਰ ਦੇਸ਼ ਇਸ ਵਾਇਰਸ ਤੋਂ ਨਿਪਟਣ ਲਈ ਅਪਣੇ ਹਵਾਈ ਅੱਡਿਆਂ ਤੋਂ ਲੈ ਕੇ ਹਸਪਤਾਲਾਂ ਵਿਚ ਕਈ ਤਰ੍ਹਾਂ ਦੇ ਪ੍ਰਬੰਧ ਅਤੇ ਜਾਂਚ ਲਈ ਵਿਵਸਥਾ ਕਰ ਰਿਹਾ ਹੈ। ਉੱਥੇ ਹੀ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਵੀ ਅਪਣੀ ਪੂਰੀ ਤਿਆਰੀ ਕਰ ਲਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਚੀਨ ਵਿਚ ਕੋਰੋਨਾ ਵਾਇਰਸ ਦੇ ਹਮਲੇ ਦੇ ਮੱਦੇਨਜ਼ਰ ਭਾਰਤ ਆਉਣ ਵਾਲੇ ਯਾਤਰੀਆਂ ਦੀ ਸਿਹਤ ਜਾਂਚ ਲਈ ਦੇਸ਼ ਦੇ 21 ਹਵਾਈ ਅੱਡਿਆਂ ‘ਤੇ ‘ਥਰਮਲ ਜਾਂਚ’ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਕਰਨ ਤੋਂ ਬਚਣ ਦਾ ਆਦੇਸ਼ ਵੀ ਜਾਰੀ ਕੀਤਾ ਹੈ।

ਸਿਹਤ ਮੰਤਰਾਲੇ ਵਿਚ ਵਿਸ਼ੇਸ਼ ਸਕੱਤਰ ਸੰਜੀਵ ਕੁਮਾਰ ਨੇ ਅੱਜ ਹੀ ਸਾਰੇ ਸੂਬਿਆਂ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਇਕ ਬੈਠਕ ਕੀਤੀ। ਇਸ ਵਿਚ ਉਹਨਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਕੀਤੇ ਗਏ ਉਪਾਅ ਦੀ ਸਮੀਖਿਆ ਕੀਤੀ।

ਮੰਤਰਾਲੇ ਨੇ ਬੁੱਧਵਾਰ ਨੂੰ 21 ਹਵਾਈ ਅੱਡਿਆਂ ਦੀ ਸੂਚੀ ਜਾਰੀ ਕਰਦੇ ਹੋਏ ਦੱਸਿਆ ਕਿ ਚੀਨ ਨੇ ਸਿੱਧੀ ਹਵਾਈ ਸੇਵਾ ਵਾਲੇ ਭਾਰਤੀ ਹਵਾਈ ਅੱਡਿਆਂ ਤੋਂ ਇਲਾਵਾ ਉਹਨਾਂ ਹਵਾਈ ਅੱਡਿਆਂ ਨੂੰ ਵੀ ਥਰਮਲ ਜਾਂਚ ਦੇ ਘੇਰੇ ਵਿਲ ਲਿਆਂਦਾ ਗਿਆ ਹੈ ਜੋ ਚੀਨ ਨਾਲ ਕਨੈਕਟਿੰਗ ਉਡਾਨ ਸੇਵਾ ਨਾਲ ਜੁੜੇ ਹਨ।

ਇਹਨਾਂ ਵਿਚ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਤੋਂ ਇਲਾਵਾ ਹੈਦਰਾਬਾਦ, ਕੋਚੀਨ, ਅਹਿਮਦਾਬਾਦ, ਅੰਮ੍ਰਿਤਸਰ, ਕੋਇੰਬਟੂਰ, ਗੁਵਾਹਟੀ, ਗਯਾ, ਬਾਗਡੋਗਰਾ, ਜੈਪੁਰ, ਲਖਨਊ, ਤਿਰੂਵਨੰਤਪੁਰਮ, ਤਿਰੂਚੀ, ਵਾਰਾਣਸੀ, ਵਿਜਾਗ, ਭੁਵਨੇਸ਼ਵਰ ਅਤੇ ਗੋਆ ਸ਼ਾਮਲ ਹਨ। ਦੱਸ ਦਈਏ ਕਿ ਇਹ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਤੇਜ਼ੀ ਨਾਲ ਫੈਲ ਰਿਹਾ ਹੈ।

ਇਸ ਵਾਇਰਸ ਦੇ ਲੱਛਣ ਨਿਮੋਨੀਆ ਦੀ ਤਰ੍ਹਾਂ ਹਨ। ਦਰਅਸਲ ਇਹ ਵਾਇਰਸ ਜਾਨਵਰਾਂ ਵਿਚ ਵੀ ਪਾਇਆ ਜਾਂਦਾ ਹੈ ਕਿਉਂਕਿ ਚੀਨ ਵਿਚ ਸਮੁੰਦਰੀ ਜੀਵਾਂ ਨੂੰ ਵੱਡੇ ਪੱਧਰ ‘ਤੇ ਖਾਧਾ ਜਾਂਦਾ ਹੈ। ਇਸੇ ਕਾਰਨ ਇਹ ਵਾਇਰਸ ਸਭ ਤੋਂ ਪਹਿਲਾਂ ਚੀਨ ਦੇ ਸਮੁੰਦਰ ਦੇ ਆਸ-ਪਾਸ ਦੇ ਇਲਾਕਿਆਂ ਵਿਚ ਫੈਲਿਆ ਹੈ।

ਕੋਰੋਨਾ ਵਾਇਰਸ ਦੇ ਲੱਛਣ
ਬੁਖ਼ਾਰ ਹੋਣਾ, ਸਾਹ ਲੈਣ ਵਿਚ ਮੁਸ਼ਕਲ ਹੋਣਾ, ਸਰਦੀ-ਜ਼ੁਕਾਮ, ਖਾਂਸੀ ਹੋਣਾ, ਸਿਰ-ਦਰਦ ਅਤੇ ਸਰੀਰ ਦੇ ਅੰਗਾਂ ਦਾ ਸੁੰਨ ਪੈ ਜਾਣਾ। ਦੱਸ ਦਈਏ ਕਿ ਕੋਰੋਨਾ ਵਾਇਰਸ ਵਿਚ ਕਿਸੇ ਵੀ ਕਿਸਮ ਦੀ ਕੋਈ ਐਂਟੀਬਾਇਓਟਿਕ ਕੰਮ ਨਹੀਂ ਕਰ ਰਹੀ ਹੈ।

ਕੋਰੋਨਾ ਵਾਇਰਸ ਤੋਂ ਬਚਾਅ
ਇਸ ਦਾ ਬਚਾਅ ਬਿਮਾਰ ਲੋਕਾਂ ਤੋਂ ਦੂਰ ਰਹਿ ਕੇ ਕੀਤਾ ਜਾ ਸਕਦਾ ਹੈ। ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਜਾਂ ਸੈਨਟਾਇਜ਼ਰ ਨਾਲ ਸਾਫ਼ ਕਰੋ।  ਖੰਘ ਅਤੇ ਛਿੱਕ ਆਉਣ ਵੇਲੇ, ਆਪਣੀ ਨੱਕ ਅਤੇ ਮੂੰਹ ਨੂੰ ਟਿਸ਼ੂ ਨਾਲ ਢੱਕੋ।

ਜ਼ੁਕਾਮ ਜਾਂ ਫਲੂ ਵਰਗੇ ਲੱਛਣ ਵਾਲੇ ਲੋਕਾਂ ਨਾਲ ਨੇੜਲੇ ਸੰਪਰਕ ਕਰਨ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ, ਖਾਣਾ ਚੰਗੀ ਤਰ੍ਹਾਂ ਪਕਾਓ, ਮੀਟ ਅਤੇ ਅੰਡੇ ਪਕਾਉਣ ਤੋਂ ਬਾਅਦ ਹੀ ਖਾਓ. ਜਾਨਵਰਾਂ ਦੇ ਸੰਪਰਕ ਵਿਚ ਘੱਟ ਆਓ।