ਦਿੱਲੀ ‘ਚ ਬਿਜਲੀ ਦਾ ਜ਼ੀਰੋ ਬਿਲ ਆਉਣ ‘ਤੇ ਅੱਧਾ ਗੰਜਾ ਹੋ ਕੇ ਘੁੰਮੇਗਾ ਇਹ ਵਿਅਕਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ ਕਿਸ ਨੂੰ ਚਾਹੁੰਦੇ ਹਨ ਦਿੱਲੀ ਦੇ ਲੋਕ

Photo

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਆਉਣ ਵਾਲੀ 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹਨਾਂ ਚੋਣਾਂ ਦੌਰਾਨ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਸਖ਼ਤ ਟੱਕਰ ਜਾਰੀ ਹੈ। ਇਸ ਦੌਰਾਨ ਤਿੰਨੇ ਪਾਰਟੀਆਂ ਵੱਲੋਂ ਇਕ ਦੂਜੇ ਵਿਰੁੱਧ ਬਿਆਨਬਾਜ਼ੀਆਂ ਜਾਰੀ ਹਨ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਮਾਹੌਲ ਵੀ ਗਰਮਾਇਆ ਹੋਇਆ ਹੈ।

ਦਿੱਲੀ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਬੀਤੇ ਪੰਜ ਸਾਲਾਂ ਤੋਂ ਦਿੱਲੀ ਵਿਚ ਆਮ ਆਦਮੀ ਪਾਰਟੀ ਯਾਨੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਸੀ। ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ 5 ਸਾਲਾਂ ਦੌਰਾਨ ਕੇਜਰੀਵਾਲ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ‘ਤੇ ਕੰਮ ਕੀਤੇ ਗਏ ਹਨ।

ਦਿੱਲੀ ਦਾ ਅਸਲ ਹਾਲ ਜਾਣਨ ਲਈ ਸਪੋਕਸਮੈਨ ਟੀਵੀ ਵੱਲੋਂ ਦਿੱਲੀ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਸਪੋਕਸਮੈਨ ਦੀ ਟੀਮ ਵੱਲੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਦਿੱਲੀ ਦੇ ਲੋਕਾਂ ਦੀ ਪਹਿਲੀ ਪਸੰਦ ਕਿਹੜੀ ਪਾਰਟੀ ਹੈ ਜਾਂ ਉਹ ਕਿਸ ਨੂੰ ਅਪਣਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਇਸ ਦੌਰਾਨ ਦਿੱਲੀ ਦੇ ਰੋਹਤਾਸ ਨਗਰ ਦੇ ਸਥਾਨਕ ਲੋਕਾਂ ਨਾਲ ਖ਼ਾਸ ਗੱਲਬਾਤ ਕੀਤੀ ਗਈ।

ਰੋਹਤਾਸ ਨਗਰ ਦੇ ਕਈ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪਿਛਲੇ ਪੰਜ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰੀਤਾ ਵਿਧਾਇਕ ਰਹੀ ਪਰ ਉਸ ਨੇ ਇਲਾਕੇ ਵਿਚ ਕੋਈ ਵਿਕਾਸ ਕਾਰਜ ਨਹੀਂ ਕਰਵਾਇਆ, ਇਲਾਕੇ ਦੇ ਹਾਲਾਤ ਬਹੁਤ ਮਾੜੇ ਹਨ। ਇਸ ਇਲਾਕੇ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਾ ਤਾਂ ਉਹਨਾਂ ਦੇ ਇਲਾਕੇ ਵਿਚ ਕਾਂਗਰਸ ਨੇ ਕੋਈ ਸੁਧਾਰ ਕੀਤਾ ਤੇ ਨਾ ਹੀ ਭਾਜਪਾ ਅਤੇ ਕਾਂਗਰਸ ਨੇ ਕੋਈ ਸੁਧਾਰ ਕੀਤਾ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਲਈ ਸਾਰੀਆਂ ਪਾਰਟੀਆਂ ਇਕੋ ਜਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਕੇਜਰੀਵਾਲ ਨੇ ਸਾਢੇ ਚਾਰ ਸਾਲ ਇਹੀ ਕਿਹਾ ਕਿ ਭਾਜਪਾ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੀ ਤੇ ਹੁਣ ਛੇ ਮਹੀਨਿਆਂ ਤੋਂ ਕਹਿ ਰਹੇ ਹਨ ਕਿ ਉਹਨਾਂ ਨੇ ਬਹੁਤ ਕੰਮ ਕੀਤੇ। ਉਹਨਾਂ ਕਿਹਾ ਕਿ ਬਿਜਲੀ ਅਤੇ ਪਾਣੀ ਮੁਫਤ ਕਰਕੇ ਇਲਾਕੇ ਦਾ ਵਿਕਾਸ ਨਹੀਂ ਹੋ ਸਕਦਾ।

ਇਸ ਦੇ ਨਾਲ ਹੀ ਕਈ ਲੋਕਾਂ ਦੇ ਕਹਿਣਾ ਹੈ ਕਿ 5 ਸਾਲਾਂ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਬਹੁਤ ਕੰਮ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਯੂਪੀ ਵਿਚ ਭਾਜਪਾ ਦੀ ਸਰਕਾਰ ਹੈ ਉੱਥੇ ਇਹਨਾਂ ਨੇ ਕੋਈ ਵਿਕਾਸ ਨਹੀਂ ਕੀਤੇ, ਇਸੇ ਤਰ੍ਹਾਂ ਰਾਜਸਥਾਨ ਵਿਚ ਕਾਂਗਰਸ ਦੀ ਸਰਕਾਰ ਹੈ, ਉੱਥੇ ਵੀ ਬਿਜਲੀ-ਪਾਣੀ ਮੁਫਤ ਨਹੀਂ ਕੀਤਾ, ਤਾਂ ਇਹ ਦਿੱਲੀ ਵਿਚ ਕੀ ਕਰਨਗੇ।

ਦਿੱਲੀ ਦੇ ਇਕ ਵਿਅਕਤੀ ਨੇ ਕਿਹਾ ਕਿ ਕੇਜਰੀਵਾਲ ਕਹਿ ਰਿਹਾ ਹੈ ਕਿ ਉਹਨਾਂ ਦੀ ਸਰਕਾਰ ਆਉਣ ‘ਤੇ ਬਿਜਲੀ ਦਾ ਬਿਲ ਜ਼ੀਰੋ ਆਵੇਗਾ। ਉਸ ਨੇ ਕਿਹਾ ਕਿ ਜੇਕਰ ਇਕ ਵੀ ਵਿਅਕਤੀ ਦਾ ਜ਼ੀਰੋ ਬਿਲ ਆਇਆ ਤਾਂ ਉਹ ਅੱਧਾ ਗੰਜਾ ਹੋ ਕੇ ਘੁੰਮੇਗਾ। ਦਿੱਲੀ ਦੇ ਕਈ ਲੋਕਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਦੀ ਸਰਕਾਰ ਆਉਣ ਨਾਲ ਦਿੱਲੀ ਨੂੰ ਬਹੁਤ ਫਾਇਦਾ ਹੋਇਆ ਹੈ ਅਤੇ ਉਹ ਭਵਿੱਖ ਵਿਚ ਵੀ ਕੇਜਰੀਵਾਲ ਦੀ ਸਰਕਾਰ ਹੀ ਚਾਹੁੰਦੇ ਹਨ।

ਜ਼ਿਕਰਯੋਗ ਹੈ ਕਿ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਅਪਣੀ ਸਰਕਾਰ ਬਣਾਈ ਸੀ। ਇਸ ਵਾਰ ਕੇਜਰੀਵਾਲ ਨੂੰ ਟੱਕਰ ਦੇਣ ਲਈ ਭਾਜਪਾ ਨੇ ਅਪਣੇ ਯੁਵਾ ਚਹਿਰੇ ਸੁਨਿਲ ਯਾਦਵ ਨੂੰ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਨੇ ਇਸ ਸੀਟ ‘ਤੇ ਰੋਮੇਸ਼ ਸਭਰਵਾਲ ਨੂੰ ਟਿਕਟ ਦਿੱਤੀ ਹੈ।